ਕੜਾਕੇ ਦੀ ਠੰਢ ਦੇ ਮੱਦੇਨਜ਼ਰ ਸਮਾਜਿਕ ਸੁਰੱਖਿਆ ਵਿਭਾਗ ਨੇ ਸੂਬੇ ਦੇ ਆਂਗਣਵਾੜੀ ਕੇਂਦਰਾਂ ਦਾ ਸਮਾਂ ਬਦਲਿਆ
15 ਜਨਵਰੀ, 2020 ਤੱਕ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ ਆਂਗਣਵਾੜੀ ਕੇਂਦਰਾਂ ਦਾ ਸਮਾਂ
ਚੰਡੀਗੜ – ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਕੜਾਕੇ ਦੀ ਠੰਢ ਨੂੰ ਵੇਖਦੇ ਹੋਏ ਸੂਬੇ ਦੇ ਸਮੁੱਚੇ ਆਂਗਣਵਾੜੀ ਕੇਂਦਰਾਂ ਵਿਚ ਸਮੇਂ ਦੀ ਤਬਦੀਲੀ ਨੂੰ ਪ੍ਰਵਾਨਗੀ ਦੇ ਦਿੱਤੀ।15 ਜਨਵਰੀ, 2020 ਤੱਕ ਆਂਗਣਵਾੜੀ ਕੇਂਦਰਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਆਂਗਣਵਾੜੀ ਕੇਂਦਰਾਂ ਵਿੱਚ ਛੁੱਟੀਆਂ, ਜੋ ਪਹਿਲਾਂ 25 ਦਸੰਬਰ, 2019 ਤੋਂ 31 ਦਸੰਬਰ, 2019 ਤੱਕ ਤੈਅ ਕੀਤੀਆਂ ਗਈਆਂ ਸਨ, ਉਹ ਛੁੱਟੀਆਂ ਹੁਣ 5 ਜਨਵਰੀ, 2020 ਤੱਕ ਵਧਾ ਦਿੱਤੀਆਂ ਗਈਆਂ ਹਨ।ਆਂਗਣਵਾੜੀ ਵਰਕਰ ਇਹ ਵੀ ਯਕੀਨੀ ਬਣਾਉਣਗੇ ਕਿ ਲਾਭਪਾਤਰੀਆਂ ਨੂੰ ਉਨਾਂ ਦਾ ਰਾਸ਼ਨ ਦਾ ਹਿੱਸਾ ਹਫ਼ਤਾਵਾਰ ਅਧਾਰ ‘ਤੇ ਮਿਲੇ, ਜੋ ਉਨਾਂ ਨੂੰ ਉਨਾਂ ਦੇ ਘਰਾਂ ਤੇ ਸਰਕਲ ਸੁਪਰਵਾਈਜ਼ਰ ਤੱਕ ਪਹੁੰਚਾਇਆ ਜਾਵੇਗਾ ਅਤੇ ਸਬੰਧਤ ਬਲਾਕ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਇਸ ਨੂੰ ਯਕੀਨੀ ਬਣਾਏਗਾ।






