April 22, 2026
#ਪੰਜਾਬ #ਭਾਰਤੀ ਡਾਇਸਪੋਰਾ

ਨਾਗਰਿਕਤਾ ਸੋਧ ਵਿੱਚ ਮੁਸਲਮਾਨਾਂ ਨੂੰ ਵੀ ਕਰਨਾ ਚਾਹੀਦਾ ਸੀ ਸ਼ਾਮਿਲ : ਜਥੇਦਾਰ ਅਕਾਲ ਤਖ਼ਤ

ਤਲਵੰਡੀ ਸਾਬੋ – ਨਾਗਰਿਕਤਾ ਸੋਧ ਬਿੱਲ ਦੇ ਪਾਸ ਹੋਣ ਨਾਲ ਭਾਂਵੇ ਦਿੱਲੀ ਵਿੱਚ ਰਹਿ ਰਹੇ ਅਫਗਾਨ ਸਿੱਖਾਂ ਨੂੰ ਵੱਡਾ ਫਾਇਦਾ ਮਿਲੇਗਾ ਤੇ ਪਾਕਿਸਤਾਨ, ਅਫਗਾਨਿਸਤਾਨ ਵਿੱਚ ਰਹਿ ਰਹੇ ਘੱਟਗਿਣਤੀ ਹਿੰਦੂ ਸਿੱਖ ਵੀ ਇਸ ਬਿੱਲ ਦੇ ਪਾਸ ਹੋਣ ਨਾਲ ਰਾਹਤ ਮਹਿਸੂਸ ਕਰ ਰਹੇ ਹਨ ਪ੍ਰੰਤੂ ਚੰਗਾ ਹੁੰਦਾ ਜੇ ਇਸ ਬਿੱਲ ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਿਲ ਕਰ ਲਿਆ ਜਾਂਦਾ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਸਿੰਘ ਸਾਹਿਬ ਨੇ ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਹਿੰਦੂ,ਸਿੱਖ ਅਤੇ ਹੋਰ ਘੱਟਗਿਣਤੀ ਕੌਮਾਂ ਸਮੇਂ ਸਮੇਂ ਤੇ ਵਾਪਰਦੀਆਂ ਰਹਿੰਦੀਆਂ ਘੱਟ ਗਿਣਤੀ ਵਿਰੋਧੀ ਕਾਰਵਾਈ ਕਾਰਣ ਸਹਿਮ ਦੇ ਮਾਹੌਲ ਵਿੱਚ ਰਹਿ ਰਹੀਆਂ ਹਨ ਪ੍ਰੰਤੂ ਹਿੰਦੁਸਤਾਨ ਦਾ ਸੰਵਿਧਾਨ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ ਤੇ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਹਕੂਕ ਨਾਲ ਰਹਿਣ ਦੀ ਆਗਿਆ ਦਿੰਦਾ ਹੈ ਇਸਲਈ ਜੋ ਪਾਕਿਸਤਾਨ ਅਤੇ ਅਫਗਾਨਿਸਤਾਨ ਦੀਆਂ ਘੱਟ ਗਿਣਤੀ ਕੌਮਾਂ ਵਿੱਚ ਸਹਿਮ ਦਾ ਮਾਹੌਲ ਹੈ ਉਹ ਹਿੰਦੁਸਤਾਨ ਦੀਆਂ ਘੱਟਗਿਣਤੀਆਂ ਵਿੱਚ ਪੈਦਾ ਨਹੀ ਹੋਣ ਦੇਣਾ ਚਾਹੀਦਾ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਬਿੱਲ ਤੋਂ ਬਾਅਦ ਜੋ ਦੇਸ਼ ਦੇ ਮੁਸਲਮਾਨਾਂ ਵਿੱਚ ਭੈਅ ਦਾ ਮਾਹੌਲ ਹੈ ਉਸਨੂੰ ਦੂਰ ਕਰਨ ਦੇ ਸਾਰਥਿਕ ਯਤਨ ਕਰੇ ਤਾਂ ਕਿ ਬਿਨਾਂ ਕਿਸੇ ਵੈਰ ਵਿਰੋਧ ਤੋਂ ਸਾਰੀਆਂ ਘੱਟ ਗਿਣਤੀ ਕੌਮਾਂ ਇਸ ਮੁਲਕ ਵਿੱਚ ਅਮਨ ਅਮਾਨ ਨਾਲ ਰਹਿ ਸਕਣ।