ਉੱਤਰੀ ਭਾਰਤ ਵਿੱਚ ਠੰਡ ਵੱਧਣ ਕਾਰਨ ਪਾਰਾ ਡਿੱਗਿਆ, ਤਾਪਮਾਨ ਵਿੱਚ ਭਾਰੀ ਗਿਰਾਵਟ
ਨਵੀਂ ਦਿੱਲੀ – ਉੱਤਰੀ ਭਾਰਤ ਵਿੱਚ ਅੱਜ ਠੰਡ ਵੱਧ ਗਈ ਹੈ| ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅੱਜ ਸਵੇਰਸਾਰ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਦਿੱਲੀ ਦੇ ਦੁਆਰਕਾ ਖੇਤਰ ਵਿੱਚ ਵਿਜ਼ੀਬਿਲਟੀ ਬਹੁਤ ਘੱਟ ਹੋ ਗਈ| ਸੰਘਣੀ ਧੁੰਦ ਕਾਰਨ ਡਰਾਈਵਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ| ਆਵਾਜਾਈ ਤੋਂ ਇਲਾਵਾ ਠੰਡ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਰਿਹਾ| ਦਿੱਲੀ ਵਿੱਚ ਠੰਡ ਦਾ ਪਾਰਾ ਰੋਜ਼ਾਨਾ ਨਵਾਂ ਰਿਕਾਰਡ ਬਣਾ ਰਿਹਾ ਹੈ| ਜਿਕਰਯੋਗ ਹੈ ਕਿ ਦਿੱਲੀ ਦਾ ਤਾਪਮਾਨ ਅੱਜ ਸਵੇਰੇ 6 ਵਜੇ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ| ਇਸ ਦੇ ਨਾਲ ਹੀ ਰਾਜਸਥਾਨ ਦੇ ਮਾਊਟ ਆਬੂ ਵਿੱਚ ਰਾਤ ਦਾ ਤਾਪਮਾਨ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ| ਹਾਲਾਂਕਿ ਇਸ ਦੌਰਾਨ ਹਵਾ ਪ੍ਰਦੂਸ਼ਣ ਵਿੱਚ ਕੋਈ ਕਮੀ ਨਹੀਂ ਆਈ ਹੈ| ਸਵੇਰਸਾਰ ਦਿੱਲੀ-ਐਨ.ਸੀ.ਆਰ ਵਿੱਚ ਏਅਰ ਕੁਆਲਿਟੀ ਇੰਡੈਕਸ 250 ਤੋਂ ਪਾਰ ਪਹੁੰਚ ਗਿਆ ਹੈ| ਵਜੀਰਪੁਰ ਵਿੱਚ ਏ.ਕਿਊ.ਆਈ 269 ਰਿਕਾਰਡ ਕੀਤਾ ਗਿਆ ਹੈ|ਦਿੱਲੀ-ਐਨ.ਸੀ.ਆਰ ਵਿੱਚ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਹੈ| ਜਿਕਰਯੋਗ ਹੈ ਕਿ ਉਤਰ ਪ੍ਰਦੇਸ਼ ਸਰਕਾਰ ਨੇ ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਸਕੂਲਾਂ ਨੂੰ ਅਗਲੇ 2 ਦਿਨਾਂ ਤੱਕ ਬੰਦ ਰੱਖਣ ਦਾ ਹੁਕਮ ਦਿੱਤਾ ਹੈ| ਸਰਕਾਰ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ 20 ਦਸੰਬਰ ਤਕ ਸਾਰੇ ਸਕੂਲ ਠੰਡ ਕਾਰਨ ਬੰਦ ਰਹਿਣਗੇ|






