Skip to content

ਤ੍ਰਿਪਤ ਬਾਜਵਾ ਵੱਲੋਂ ਕਿਰਪਾਲ ਕਜਾਕ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਣ ‘ਤੇ ਵਧਾਈ

Share this story

ਚੰਡੀਗੜ – ਪੰਜਾਬੀ ਦੇ ਉੱਘੇ ਕਹਾਣੀਕਾਰ ਕਿਰਪਾਲ ਕਜਾਕ ਨੂੰ ਉਹਨਾਂ ਦੇ ਕਹਾਣੀ ਸੰਗ੍ਰਹਿ ‘ਅੰਤਹੀਣ’ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਣ ਉੱਤੇ ਵਧਾਈ ਦਿੰਦਿਆਂ ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਇਹ ਪੁਰਸਕਾਰ ਮਿਲਣ ਨਾਲ ਨਾ ਸਿਰਫ ਕਿਰਪਾਲ ਕਜਾਕ ਬਲਕਿ ਪੰਜਾਬੀ ਬੋਲੀ ਅਤੇ ਪੰਜਾਬੀ ਜਗਤ ਦਾ ਮਾਣ ਵਧਿਆ ਹੈ।ਸ੍ਰੀ ਬਾਜਵਾ ਨੇ ਕਿਰਪਾਲ ਕਜਾਕ ਨੂੰ ਪੰਜਾਬੀ ਦਾ ਸਮਰੱਥ ਅਤੇ ਪ੍ਰਬੁੱਧ ਕਹਾਣੀਕਾਰ ਦਸਦਿਆਂ ਕਿਹਾ ਹੈ ਕਿ ਉਹਨਾਂ ਨੇ ਆਪਣੀਆਂ ਕਹਾਣੀਆਂ ਰਾਹੀਂ ਸਮਾਜ ਦੇ ਮੱਧਵਰਗੀ ਲੋਕਾਂ ਦੇ ਜੀਵਨ ਨੂੰ ਬਾਖੂਬੀ ਚਿਤਰਦਿਆਂ ਉਹਨਾਂ ਦੀਆਂ ਰੀਝਾਂ, ਸਮੱਸਿਆਵਾਂ ਅਤੇ ਔਰਤ-ਮਰਦ ਸਬੰਧਾਂ ਨੂੰ ਉਭਾਰਿਆ ਹੈ। ਸ੍ਰੀ ਕਜਾਕ ਨੇ ਆਪਣੀ ਜਿੰਦਗੀ ਦੇ ਅਨੁਭਵ ਰਾਹੀਂ ਕਮਾਈ ਗਈ ਮਨੋਵਿਗਿਆਨਿਕ ਸੂਝ ਨਾਲ ਕਿਰਤੀ ਲੋਕਾਂ ਦੀ ਮਿਹਨਤ ਮੁਸੱਕਤ ਅਤੇ ਸਿਰੜੀ ਜਿੰਦਗੀ ਬਾਰੇ ਯਾਦਗਾਰੀ ਕਹਾਣੀਆਂ ਲਿਖੀਆਂ ਹਨ।ਅੰਤਹੀਣ ਤੋਂ ਬਿਨਾਂ ਪਾਣੀ ਦੀ ਕੰਧ, ਦਰਅਸਲ, ਮਿੱਟੀ ਦਾ ਮਾਧੋ, ਡੂੰਮਣਾ ਅਤੇ ਜੜਾਂ ਉਸ ਦੀਆਂ ਉੱਚ ਕੋਟੀ ਦੀਆਂ ਕਹਾਣੀਆਂ ਹਨ, ਜਿਹੜੀਆਂ ਦਹਾਕਿਆਂ ਤੱਕ ਪੰਜਾਬੀ ਸਾਹਿਤ ਵਿੱਚ ਚਰਚਿਤ ਰਹਿਣਗੀਆਂ।ਉਚੇਰੀ ਸਿੱਖਿਆ ਤੇ ਭਾਸਾ ਮੰਤਰੀ ਨੇ ਕਿਹਾ ਕਿ ਸ੍ਰੀ ਕਜਾਕ ਨੇ ਨਾ ਸਿਰਫ ਸਾਹਿਤਕ ਖੇਤਰ ਵਿੱਚ ਕਰੜੀ ਘਾਲਣਾ ਘਾਲੀ ਹੈ ਬਲਕਿ ਉਹਨਾਂ ਨੇ ਆਪਣੇ ਨਿੱਜੀ ਜੀਵਨ ਵਿੱਚ ਵੀ ਹੱਡਭੰਨਵੀਂ ਮਿਹਨਤ ਕੀਤੀ ਹੈ। ਉਹਨਾਂ ਕਿਹਾ ਕਿ ਸਿਰਫ ਦਸਵੀਂ ਜਮਾਤ ਪਾਸ ਕਰਕੇ ਨਿਰੋਲ ਸਾਹਿਤਕ ਘਾਲਣਾ ਰਾਹੀਂ ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੇ ਅਹੁਦੇ ਉੱਤੇ ਪਹੁੰਚਣਾ ਆਪਣੇ ਆਪ ਵਿੱਚ ਲਾਮਿਸਾਲ ਪ੍ਰਾਪਤੀ ਹੈ।

Share this story
WRITTEN BY

BREAKING