April 24, 2026
#ਪ੍ਰਮੁੱਖ ਖ਼ਬਰਾਂ #ਭਾਰਤ

ਲਖਨਊ ‘ਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਚੌਕੀ ਅਤੇ ਕਈ ਮੋਟਰ ਗੱਡੀਆਂ ਨੂੰ ਅੱਗ ਲਗਾਈ

ਦਿੱਲੀ ‘ਚ ਕਈ ਥਾਈਂ ਮੋਬਾਈਲ ਸੇਵਾਵਾਂ ਬੰਦ ਸੜਕਾਂ ‘ਤੇ ਉਤਰੇ ਪ੍ਰਦਰਸ਼ਨਕਾਰੀ

ਨਵੀਂ ਦਿੱਲੀ – ਪੂਰੇ ਦੇਸ਼ ‘ਚ ਨਾਗਰਿਕਤਾ (ਸੋਧ) ਕਾਨੂੰਨ ਨੂੰ ਲੈ ਕੇ ਰੋਸ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਅੱਜ ਹਿੰਸਕ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਵੱਲ ਜਾਣ ਲਈ ਸੜਕਾਂ ‘ਤੇ ਉਤਰੇ ਪ੍ਰਦਰਸ਼ਨਕਾਰੀਆਂ ਕਾਰਨ ਸੜਕੀ ਆਵਾਜਾਈ ਠੱਪ ਹੋਣ ਦੇ ਨਾਲ ਹਵਾਈ ਉਡਾਣਾਂ ‘ਤੇ ਵੀ ਅਸਰ ਦੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ ਤੋਂ ਲੈ ਕੇ ਬੈਂਗਲੁਰੂ ਤੱਕ ਨਾਗਰਿਕਤਾ ਸੋਧ ਕਾਨੂੰਨ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕਾਨੂੰਨ ਦੇ ਵਿਰੋਧ ‘ਚ ਹੋ ਰਹੇ ਪ੍ਰਦਰਸ਼ਨ ਕਿਤੇ ਹਿੰਸਕ ਰੂਪ ਅਖ਼ਤਿਆਰ ਨਾ ਕਰ ਜਾਣ, ਇਸ ਲਈ ਪ੍ਰਸ਼ਾਸਨ ਕਾਫ਼ੀ ਚੌਕਸ ਹੈ। ਜਾਣਕਾਰੀ ਅਨੁਸਾਰ ਨਵੀਂ ਦਿੱਲੀ-ਗੁਰੂਗ੍ਰਾਮ ਰੋਡ ‘ਤੇ ਲੱਗੇ ਲੰਬੇ ਜਾਮ ਵਿੱਚ ਕਈ ਹਵਾਈ ਉਡਾਣਾਂ ਦੇ ਕਰੂ ਮੈਂਬਰ ਫ਼ਸ ਜਾਣ ਅਤੇ ਕਈ ਹੋਰ ਕਾਰਨਾਂ ਦੇ ਹਵਾਲੇ ਦੇ ਕੇ ਹਵਾਈ ਉਡਾਣਾਂ ਨੂੰ ਰੱਦ ਕੀਤਾ ਗਿਆ। ਜਦੋਂ ਕਿ ਕਈ ਉਡਾਣਾਂ ਦੇ ਸਮੇਂ ‘ਚ ਤਬਦੀਲੀ ਕੀਤੀ ਗਈ। ਲਖਨਊ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ। ਇੱਕ ਪੁਲਿਸ ਚੌਕੀ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਇੱਥੇ ਪੁਲਿਸ ‘ਤੇ ਪੱਥਰਬਾਜ਼ੀ ਕੀਤੀ ਅਤੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੂੰ ਹੰਝੂ ਗੈਸ ਦੇ ਗੋਲੇ ਵੀ ਛੱਡਣੇ ਪਏ। ਇਸ ਦੌਰਾਨ ਹਵਾਈ ਫਾਈਰਿੰਗ ਦੀ ਵੀ ਜਾਣਕਾਰੀ ਮਿਲੀ ਹੈ। ।ਦਿੱਲੀ ਮੈਟਰੋ ਦੇ 16 ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਕੁਝ ਹਲਕਿਆਂ ‘ਚ ਮੋਬਾਇਲ ਫ਼ੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਵਿਰੋਧ ਪ੍ਰਦਰਸ਼ਨਾਂ ਕਾਰਨ ਮੈਟਰੋ ਤੋਂ ਇਲਾਵਾ ਰਾਜਧਾਨੀ ਖੇਤਰ ਦੇ ਸੜਕੀ ਰਸਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਕਿਸੇ ਵੀ ਤਰ੍ਹਾਂ ਦੇ ਹਿੰਸਕ ਪ੍ਰਦਰਸ਼ਨ ਨੂੰ ਰੋਕਣ ਲਈ ਗੁਰੂਗ੍ਰਾਮ ਤੋਂ ਦਿੱਲੀ ਆ ਰਹੀਆਂ ਰੇਲ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।