ਗਰੀਬਾਂ ਦੇ ਮਕਾਨਾਂ ਲਈ ਕੇਂਦਰ ਸਰਕਾਰ ਵੱਲੋਂ ਭੇਜਿਆ ਕਰੋੜਾਂ ਰੁਪਿਆ ਹੜੱਪਣ ਦੇ ਰੌਂਅ ਵਿੱਚ ਨਗਰ ਕੌਂਸਲ ਮੌੜ ਦੇ ਕਰਮਚਾਰੀ
ਪੈਸੇ ਨਾ ਦੇਣ ਲਈ ਲਗਾ ਰਹੇ ਹਨ ਬੇਤੁਕੇ ਬਹਾਨੇ-ਮਾਰ ਰਹੇ ਹਨ ਇੱਧਰ-ਉਧਰ ਦੀਆਂ ਗੱਲਾਂ
ਮੌੜ ਮੰਡੀ – ਭਾਰਤ ਸਰਕਾਰ ਵਲੋਂ ਗਰੀਬ ਪਰਿਵਾਰਾਂ ਲਈ ਮਕਾਨ ਬਣਾਉਂਣ ਲਈ ਡੇਢ-ਡੇਢ ਲੱਖ ਰੁਪਿਆ ਪ੍ਰਤੀ ਪਰਿਵਾਰ ਭੇਜਿਆ ਸੀ ਤਾਂ ਜੋ ਗਰੀਬ ਪਰਿਵਾਰ ਅਪਣਾ ਸਿਰ ਢੱਕਣ ਲਈ ਘਰ ਬਣਾ ਸਕਣ। ਮੌੜ ਮੰਡੀ ਸ਼ਹਿਰ ਦੇ ਗਰੀਬ ਵਾਸੀਆਂ ਲਈ ਵੀ ਇਹ ਪੈਸਾ ਨਗਰ ਕੌਂਸਲ ਮੌੜ ਵਿੱਚ ਆਇਆ ਹੈ,ਪਰ ਗਰੀਬਾਂ ਨੂੰ ਦਿੱਤਾ ਜਾਣ ਵਾਲਾ ਇਹ ਪੈਸਾ ਸਥਾਨਕ ਨਗਰ ਕੌਂਸਲ ਵੱਲੋਂ ਅੱਗੇ ਗਰੀਬਾਂ ਨੂੰ ਦੇਣ ਦੀ ਬਿਜਾਏ ਨਗਰ ਕੌਂਸਲ ਦੇ ਖ਼ਾਤੇ ਵਿੱਚ ਹੀ ਰੱਖਿਆ ਪਿਆ ਹੈ ਅਤੇ ਸੱਪ ਵਾਗੂ ਕੁੰਡਲੀ ਮਾਰ ਕੇ ਬੈਠੇ ਨਗਰ ਕੌਂਸਲ ਦੇ ਅਧਿਕਾਰੀ ਇਸ ਪੈਸੇ ਨੂੰ ਲੋੜਬੰਦਾਂ ਤੱਕ ਪੁੱਜਦਾ ਕਰਨ ਲਈ ਆਨਾਕਾਨੀ ਕਰ ਰਹੇ ਹਨ ਅਤੇ ਕੇਂਦਰ ਵੱਲੋਂ ਭੇਜਿਆ ਇਹ ਪੈਸਾ ਕਿਸੇ ਨਾ ਕਿਸੇ ਬਹਾਨੇ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ,ਜਿਸ ਤੋਂ ਨਗਰ ਕੌਂਸਲ ਕਰਮਚਾਰੀਆਂ ਅਤੇ ਇਸ ਨਾਲ ਸਬੰਧਤ ਹੋਰ ਵਿਅਕਤੀਆਂ ਦੀ ਨੀਤ ਖ਼ੋਟੀ ਹੋ ਗਈ ਜਾਪਦੀ ਹੈ ਅਤੇ ਪੈਸਾ ਦੇਖ ਕੇ ਬੇਈਮਾਨ ਹੋ ਗਏ ਲੱਗਦੇ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੇਂਦਰ ਦਾ ਇਹ ਪੈਸਾ ਉਸ ਤੱਕ ਹੀ ਪੁੱਜਦਾ ਹੈ ਜੋ ਭ੍ਰਿਸ਼ਟਾਚਾਰ ਦਾ ਸਹਾਰਾ ਲੈ ਕੇ ਇਹਨ੍ਹਾਂ ਦੀ ਮੁੱਠੀ ਗਰਮ ਕਰ ਦਿੰਦਾਂ ਹੈ ਜਾਂ ਜਿਸ ਦੀ ਸਿਆਸੀ ਪਹੁੰਚ ਹੈ ਅਤੇ ਆਮ ਵਿਅਕਤੀ ਅਪਣੇ ਹਿੱਸੇ ਦਾ ਪੈਸਾ ਲੈਣ ਤੋਂ ਅਸੱਮਰਥ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ ਨਗਰ ਕੌਂਸਲ ਪਹਿਲਾਂ ਹੀ ਨਲਾਇਕੀਆਂ ਕਾਰਨ ਘਾਟੇ ਵਿੱਚ ਜਾ ਰਹੀ ਹੈ ਅਤੇ ਨਗਰ ਕੌਂਸਲ ਦੀ ਇਹ ਵੀ ਯੋਜਨਾ ਹੀ ਲੱਗਦੀ ਹੈ ਕਿ ਕਿਵੇਂ ਨਾ ਕਿਵੇਂ ਇਹ ਪੈਸਾ ਉਹਨ੍ਹਾਂ ਕੋਲ ਰਹਿ ਜਾਵੇ ਅਤੇ ਅਪਣੇ ਖ਼ਰਚੇ ਇਹ ਕੇਂਦਰੀ ਰਾਸ਼ੀ ਨਾਲ ਪੂਰੇ ਕੀਤੇ ਜਾਣ। ਨਗਰ ਕੌਂਸਲ ਦੀ ਬੇਈਮਾਨਂ ਇਸ ਗੱਲ ਤੋਂ ਝਲਕਦੀ ਹੈ ਕਿ ਇਹਨ੍ਹਾਂ ਨੇ ਇਸ ਆ ਚੁੱਕੀ ਕੇਂਦਰੀ ਰਾਸ਼ੀ ਬਾਰੇ ਸ਼ਹਿਰ ਵਿੱਚ ਮੁਨਿਆਦੀ ਨਹੀਂ ਕਰਵਾਈ ਤਾਂ ਜੋ ਇਸ ਯੋਜਨਾਂ ਨੂੰ ਓਹਲੇ ‘ਚ ਰੱਖ ਕੇ ਅਪਣੀ ਬੇਈਮਾਨੀ ਵਾਲੀ ਯੋਜਨਾਂ ਨੇਪਰੇ ਚਾੜ੍ਹੀ ਜਾਵੇ। ਇਸ ਕੇਂਦਰੀ ਰਾਸ਼ੀ ਨਾਲ ਗਰੀਬਾਂ ਵੱਲੋਂ ਅਪਣੇ ਮਕਾਨ ਆਦਿ ਬਣਾਉਂਣ ਦੇ ਸੁਪਨੇ ਧਰੇ-ਧਰਾਏ ਰਹਿ ਗਏ ਜਦੋਂ ਇੱਥੋਂ ਦੇ ਕਰਮਚਾਰੀ ਕਦੇ ਪਟਵਾਰੀ ਦੀ ਰਿਪੋਰਟ ਲਿਆਉਂਣ ਲਈ ਕਿਹਾ ਜਾਂਦਾ ਹੈ,ਕਦੇ ਅੱਜ ਈ.ਓ.ਨਹੀਂ ਆਇਆ,ਕਦੇ ਕੋਈ ਕਲਰਕ ਨਹੀਂ ਆਇਆ ਆਦਿ ਅਜਿਹੇ ਬਹਾਨੇ ਲਗਾਏ ਜਾ ਰਹੇ ਹਨ ਤਾਂ ਕਿਸੇ ਨਾ ਕਿਸੇ ਢੰਗ ਨਾਲ ਇਹ ਪੈਸਾ ਹੱੜਪ ਕੀਤਾ ਜਾ ਸਕੇ। ਇਸ ਬਾਰੇ ਸ਼ਿੰਦਰ ਕੌਰ ਵਿਧਵਾ ਬੇਅੰਤ ਸਿੰਘ ਵਾਸੀ ਮੌੜ ਮੰਡੀ,ਜਸਵਿੰਦਰ ਕੌਰ,ਜਸਪਾਲ ਕੌਰ,ਮਨਜੀਤ ਕੌਰ ਨੇ ਸਾਂਝੇ ਤੌਰ ‘ਤੇ ਦੱੱਸਿਆ ਕਿ ਅਸੀਂ ਹਜਾਰਾਂ ਚੱਕਰ ਲਾਏ ਹਨ ਪਰ ਨਗਰ ਕੌਂਸਲ ਵਾਲੇ ਭਾਂਤ-ਭਾਂਤ ਦੇ ਬਹਾਨੇ ਲਗਾ ਕੇ ਲੋੜਬੰਦਾਂ ਨੂੰ ਟਾਲਿਆ ਜਾ ਰਿਹਾ ਹੈ ਅਤੇ ਇਹ ਨਗਰ ਕੌਂਸਲ ਦੀ ਬੇਈਮਾਨੀ ਸਾਫ਼ ਦਿਖਾਈ ਦੇ ਰਹੀ ਹੈ। ਇਸ ਬਾਰੇ ਨਗਰ ਕੌਂਸਲਰ ਮਨਦੀਪ ਕੌਰ ਨੇ ਕਿਹਾ ਕਿ ਮੈਂ ਖੁਦ ਫਾਰਮ ਭਰਾਏ ਸੀ ਅਤੇ ਮੈਂ ਫੋਨ ਕਰ-ਕਰ ਕੇ ਹੰਭ ਗਈ ਪਰ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਕੋਈ ਰਾਹ ਨਹੀਂ ਦਿੱਤਾ ਅਤੇ ਉਹਨ੍ਹਾਂ ਕਿਹਾ ਕਿ ਜੇਕਰ ਇੱਕ ਲੋਕਾਂ ਦੋ ਚੁਣੇ ਹੋਏ ਨੁਮਾਇੰਦੇ ਨੂੰ ਕੋਈ ਰਾਹ ਨਹੀਂ ਦਿੱਤਾ ਜਾ ਰਿਹਾ ਤਾਂ ਆਮ ਵਿਅਕਤੀ ਦੀ ਪਹੁੰਚ ਹੋ ਸਕਦੀ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਉਸ ਗਰੀਬ ਔਰਤ ਜੋ ਪਿਛਲੇ ਤੀਹ ਸਾਲਾਂ ਤੋਂ ਮਨਜੀਤ ਕੌਰ 30 ਸਾਲ ਤੋਂ ਵਿਧਵਾ ਦੀ ਜੂਨ ਹੰਡਾ ਰਹੀ ਹੈ,ਉਸ ਦੇ ਟੁੱਟ ਚੁੱਕੇ ਮਕਾਨ ਲਈ ਆਇਆ ਪੈਸਾ ਨਗਰ ਕੌਂਸਲ ਨਹੀਂ ਦੇ ਰਹੀ ਅਤੇ ਨਾ ਹੀ ਨਾ ਦੇਣ ਦਾ ਕੋਈ ਸੱਪਸ਼ਟ ਕਾਰਨ ਦੱਸ ਰਹੀ ਹੈ,ਇਸ ਤੋਂ ਪਤਾ ਲਗਦਾ ਹੈ ਕਿ ਨਗਰ ਕੌਂਸਲ ਲੋਕਾਂ ਪੈਸਾ ਕਿਸੇ ਢੰਗ ਨਾਲ ਹੜਪਣਾ ਚਾਹੁੰਦੀ ਹੈ। ਇਸ ਸਬੰਧੀ ਕਾਰਜ ਸਾਧਕ ਅਫ਼ਸਰ ਭਰਤਵੀਰ ਨੇ ਕਿਹਾ ਕਿ ਮੈਂ ਸਾਰਿਆਂ ਦੇ ਪੈਸੇ ਮਨਜੂਰ ਕਰ ਦਿੱਤੇ ਹਨ ਅਤੇ ਇੱਕ ਹਫ਼ਤੇ ਦੇ ਅੰਦਰ ਇਹ ਪੈਸੇ ਸਬੰਧਤ ਵਿਅਕਤੀਆਂ ਦੇ ਬੈਂਕ ਖਾਤਿਆਂ ਵਿੱਚ ਪੁੱਜ ਜਣਗੇ ਅਤੇ ਕੇਂਦਰ ਵੱਲੋਂ ਭੇਜੇ ਗਏ ਪੈਸੇ ਵਿੱਚ ਹੇਰਾਫੇਰੀ ਕਰਨ ਵਾਲਿਆਂ ਵਿੱਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੈ ਕਿ ਇਹ ਪੈਸਾ ਇੱਕ ਹਫ਼ਤੇ ਦੇ ਅੰਦਰ ਲੋੜਬੰਦਾਂ ਦੇ ਖਾਤਿਆਂ ਵਿੱਚ ਜਾ ਰਿਹਾ ਹੈ ਜਾਂ ਸਿਰਫ ਇਹ ਵੀ ਇੱਕ ਲਾਰਾ ਬਣ ਕੇ ਰਹਿ ਜਾਵੇਗਾ।






