April 24, 2026
#ਦੇਸ਼ ਦੁਨੀਆਂ

ਅਮਰੀਕਾ ਦੇ ਵਰਜੀਨੀਆ ਵਿੱਚ 69 ਗੱਡੀਆਂ ਟਕਰਾਈਆਂ, 51 ਵਿਅਕਤੀ ਜ਼ਖਮੀ

ਵਰਜੀਨੀਆ – ਅਮਰੀਕੀ ਸੂਬੇ ਵਰਜੀਨੀਆ ਵਿੱਚ ਸਵੇਰੇ ਹਾਈਵੇਅ ਤੇ 69 ਵਾਹਨ ਇਕ-ਦੂਜੇ ਨਾਲ ਟਕਰਾ ਗਏ ਅਤੇ ਇਸ ਕਾਰਨ 51 ਵਿਅਕਤੀ ਜ਼ਖਮੀ ਹੋ ਗਏ| ਵਰਜੀਨੀਆ ਸਟੇਟ ਪੁਲੀਸ ਮੁਤਾਬਕ 64 ਵਾਹਨ ਲਗਾਤਾਰ ਇਕ-ਦੂਜੇ ਵਿੱਚ ਟਕਰਾਏ ਤੇ ਕਈ ਗੱਡੀਆਂ ਦੂਜੇ ਵਾਹਨਾਂ ਤੇ ਚੜ੍ਹ ਗਈਆਂ ਜਿਸ ਕਾਰਨ ਕੁੱਲ 69 ਵਾਹਨ ਟਕਰਾ ਗਏ| ਹਾਦਸੇ ਦਾ ਕਾਰਨ ਭਾਰੀ ਧੁੰਦ ਨੂੰ ਦੱਸਿਆ ਜਾ ਰਿਹਾ ਹੈ ਪਰ ਪੁਲੀਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ| ਅਧਿਕਾਰੀਆਂ ਮੁਤਾਬਕ ਕੁਈਨਜ਼ ਕਰੀਕ ਬ੍ਰਿਜ ਤੇ ਸਵੇਰੇ 7.51 ਵਜੇ ਇਹ ਹਾਦਸਾ ਵਾਪਰਿਆ| ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾ ਦਿੱਤਾ ਹੈ| ਪਹਿਲਾਂ ਜ਼ਖਮੀਆਂ ਦੀ ਗਿਣਤੀ 35 ਦੱਸੀ ਜਾ ਰਹੀ ਸੀ ਤੇ ਬਾਅਦ ਵਿੱਚ 51 ਵਿਅਕਤੀ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ| ਬਹੁਤ ਸਾਰੇ ਲੋਕਾਂ ਦੇ ਹਲਕੀਆਂ ਸੱਟਾਂ ਲੱਗੀਆਂ ਹਨ ਹਾਲਾਂਕਿ ਕਈ ਗੰਭੀਰ ਜ਼ਖਮੀ ਵੀ ਹਨ| ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਨੂੰ ਰੋਕਣ ਲਈ ਬਹੁਤ ਸਾਰੇ ਲੋਕ ਕਾਰਾਂ ਵਿੱਚੋਂ ਨਿਕਲ ਕੇ ਦੂਜੇ ਵਾਹਨਾਂ ਨੂੰ ਰੋਕ ਰਹੇ ਸਨ ਪਰ ਇਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ ਕਿਉਂਕਿ ਸੜਕਾਂ ਤੇ ਤਿਲਕਣ ਕਾਰਨ ਵਾਹਨਾਂ ਨੂੰ ਇਕ ਦਮ ਰੋਕਣਾ ਡਰਾਈਵਰਾਂ ਲਈ ਮੁਸ਼ਕਿਲ ਸੀ| ਹਾਦਸੇ ਮਗਰੋਂ ਹਾਈਵੇਅ ਦੀਆਂ ਦੋਵੇਂ ਲੇਨਜ਼ ਨੂੰ ਬੰਦ ਕਰ ਦਿੱਤਾ ਗਿਆ| ਵੈਸਟਬਾਊਂਡ ਲੇਨ ਨੂੰ ਦੁਪਹਿਰ ਤੋਂ ਬਾਅਦ 3.30 ਵਜੇ ਤਕ ਖੋਲ੍ਹਿਆ ਨਹੀਂ ਗਿਆ ਸੀ| ਡਰਾਈਵਰਾਂ ਨੂੰ ਬਹੁਤ ਹੌਲੀ ਤੇ ਧਿਆਨ ਨਾਲ ਵਾਹਨ ਚਲਾਉਣ ਦੀ ਅਪੀਲ ਕੀਤੀ ਗਈ ਹੈ| ਜ਼ਿਕਰਯੋਗ ਹੈ ਕਿ ਇੱਥੇ ਵੱਡੀ ਗਿਣਤੀ ਵਿੱਚ ਲੋਕ ਛੁੱਟੀਆਂ ਮਨਾਉਣ ਆਉਂਦੇ ਹਨ ਤੇ ਇਸ ਕਾਰਨ ਭਾਰੀ ਭੀੜ ਹੋ ਜਾਂਦੀ ਹੈ ਤੇ ਟਰੈਫਿਕ ਵਧ ਜਾਂਦਾ ਹੈ|