ਸ਼ਰਨਾਰਥੀਆਂ ਵਿਰੁੱਧ ਅੰਦੋਲਨ ਕਰ ਰਹੀ ਹੈ ਕਾਂਗਰਸ : ਪ੍ਰਧਾਨ ਮੰਤਰੀ ਮੋਦੀ
ਕਿਸਾਨ ਸਨਮਾਨ ਯੋਜਨਾ ਦੀ ਤੀਜੀ ਕਿਸ਼ਤ ਜਾਰੀ ਕੀਤੀ
ਤੁਮਕੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਤੁਮਕੁਰ ‘ਚ ਵੀਰਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਕਾਂਗਰਸ ਅਤੇ ਵਿਰੋਧੀ ਧਿਰ ਦੇ ਅੰਦੋਲਨ ਨੂੰ ਲੈ ਕੇ ਕਿਹਾ ਕਿ ਕਾਂਗਰਸ ਅਤੇ ਉਸ ਦੇ ਸਾਥੀ ਦਲ ਦੇਸ਼ ਦੀ ਸੰਸਦ ਵਿਰੁੱਧ ਹੀ ਮੈਦਾਨ ‘ਚ ਉਤਰੇ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਹਫ਼ਤੇ ਪਹਿਲਾਂ ਹੀ ਸਾਡੀ ਸੰਸਦ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਮਨਜ਼ੂਰੀ ਦੇਣ ਦਾ ਇਤਿਹਾਸਕ ਕੰਮ ਕੀਤਾ ਹੈ ਪਰ ਕਾਂਗਰਸ ਅਤੇ ਉਸ ਦੇ ਸਹਿਯੋਗੀ ਦਲ ਦੇਸ਼ ‘ਚ ਸੰਸਦ ਵਿਰੁੱਧ ਅੰਦੋਲਨ ਕਰਨ ‘ਚ ਜੁਟੇ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ,”ਇਹ ਲੋਕ ਪਾਕਿਸਤਾਨ ਤੋਂ ਆਏ ਦਲਿਤਾਂ, ਪਿਛੜਿਆਂ ਵਿਰੁੱਧ ਹੀ ਅੰਦੋਲਨ ਕਰ ਰਹੇ ਹਨ। ਪਾਕਿਸਤਾਨ ਦਾ ਜਨਮ ਧਰਮ ਦੇ ਆਧਾਰ ‘ਤੇ ਹੋਇਆ ਸੀ ਅਤੇ ਉਦੋਂ ਤੋਂ ਹੀ ਦੂਜੇ ਧਰਮਾਂ ਦੇ ਲੋਕਾਂ ਨਾਲ ਅੱਤਿਆਚਾਰ ਸ਼ੁਰੂ ਹੋ ਗਿਆ ਸੀ। ਸਮੇਂ ਦੇ ਨਾਲ ਪਾਕਿਸਤਾਨ ‘ਚ ਹਿੰਦੂ, ਸਿੱਖ, ਜੈਨ, ਬੌਧ ਅਤੇ ਈਸਾਈਆਂ ‘ਤੇ ਲਗਾਤਾਰ ਅੱਤਿਆਚਾਰ ਵਧਦਾ ਰਿਹਾ ਹੈ।” ਮੋਦੀ ਨੇ ਕਿਹਾ ਕਿ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਭਾਰਤ ਆਉਣਾ ਪਿਆ ਹੈ। ਪਾਕਿਸਤਾਨ ਨੇ ਇਨ੍ਹਾਂ ਲੋਕਾਂ ‘ਤੇ ਜ਼ੁਲਮ ਕੀਤਾ ਪਰ ਕਾਂਗਰਸ ਅਤੇ ਬਾਕੀ ਵਿਰੋਧੀ ਦਲ ਪਾਕਿਸਤਾਨ ਵਿਰੁੱਧ ਨਹੀਂ ਸਗੋਂ ਪੀੜਤਾਂ ਵਿਰੁੱਧ ਹੀ ਅੰਦੋਲਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਰਨ ਲੈਣ ਆਏ ਲੋਕਾਂ ਵਿਰੁੱਧ ਜੁਲੂਸ ਕੱਢੇ ਜਾ ਰਹੇ ਹਨ ਪਰ ਜਿਸ ਪਾਕਿਸਤਾਨ ਨੇ ਉੱਥੋਂ ਦੇ ਘੱਟ ਗਿਣਤੀਆਂ ‘ਤੇ ਅੱਤਿਆਚਾਰ ਕੀਤੇ, ਉਸ ਨੂੰ ਲੈ ਕੇ ਆਖਰ ਮੂੰਹ ‘ਤੇ ਤਾਲੇ ਕਿਉਂ ਲੱਗ ਗਏ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਸਾਡਾ ਇਹ ਫਰਜ਼ ਬਣਦਾ ਹੈ ਕਿ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਦੀ ਮਦਦ ਕਰਨਾ ਸਾਡਾ ਫਰਜ਼ ਹੈ ਕਿ ਪਾਕਿ ਤੋਂ ਆਏ ਹਿੰਦੂਆਂ ਅਤੇ ਉਨ੍ਹਾਂ ‘ਚੋਂ ਵੀ ਜ਼ਿਆਦਾਤਰ ਦਲਿਤ ਲੋਕਾਂ ਨੂੰ ਅਸੀਂ ਉਨ੍ਹਾਂ ਦੇ ਨਸੀਬ ‘ਤੇ ਨਹੀਂ ਛੱਡ ਸਕਦੇ। ਪੀ.ਐੱਮ. ਮੋਦੀ ਨੇ ਕਿਹਾ ਕਿ ਪਾਕਿਸਤਾਨ ਤੋਂ ਆਏ ਸਿੱਖ, ਜੈਨ ਅਤੇ ਈਸਾਈ ਪਰਿਵਾਰਾਂ ਦੀ ਮਦਦ ਕਰੋ। ਉਨ੍ਹਾਂ ਕਿਹਾ ਕਿ ਜੋ ਲੋਕ ਅੱਜ ਸੰਸਦ ਵਿਰੁੱਧ ਅੰਦੋਲਨ ਕਰ ਰਹੇ ਹਨ, ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅੱਜ ਪਾਕਿਸਤਾਨ ਨੂੰ ਬੇਨਕਾਬ ਕਰਨ ਦੀ ਜ਼ਰੂਰਤ ਹੈ। ਅੰਦੋਲਨ ਕਰਨਾ ਹੀ ਹੈ ਤਾਂ ਤੁਹਾਡਾ ਪਾਕਿਸਤਾਨ ਦੇ ਪਿਛਲੇ 70 ਸਾਲਾਂ ਦੇ ਕਾਰਨਾਮਿਆਂ ਵਿਰੁੱਧ ਕਰਨਾ ਚਾਹੀਦਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਸਨਮਾਨ ਫੰਡ ਦੀ ਤੀਜੀ ਕਿਸ਼ਤ ਜਾਰੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕ੍ਰਿਸ਼ੀ ਕਰਮਨ ਐਵਾਰਡ ਵੀ ਦਿੱਤੇ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਕੀਮ ਤਹਿਤ 6 ਕਰੋੜ ਕਿਸਾਨਾਂ ਦੇ ਖਾਤਿਆਂ ‘ਚ 12 ਹਜ਼ਾਰ ਕਰੋੜ ਰੁਪਏ ਜਮ੍ਹਾਂ ਕਰਵਾਏ। ਬੈਂਗਲੁਰੂ ਵਿਖੇ ਡੀ.ਆਰ.ਡੀ.ਓ ਦੀਆਂ 5 ਨੌਜਵਾਨ ਸਾਇੰਸ ਲੈਬਾਰਟਰੀਆਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਸੰਤੁਸ਼ਟ ਹਨ ਕਿ ਐਡਵਾਂਸਡ ਟੈਕਨੌਲੋਜੀ ਦੇ ਖੇਤਰ ‘ਚ 5 ਲੈਬਾਰਟਰੀਆਂ ਸਥਾਪਤ ਕਰਨ ‘ਤੇ ਇਮਾਨਦਾਰੀ ਨਾਲ ਕੰਮ ਕੀਤਾ ਗਿਆ ਹੈ।






