ਆਸਟਰੇਲੀਆ ਨੂੰ ਮੌਸਮ ’ਚ ਤਬਦੀਲੀ ਨਾਲ ਕੁਝ ਰਾਹਤ
ਆਸਟਰੇਲੀਆ ਦੇ ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ ਸੂਬਿਆਂ ’ਚ ਭਾਵੇਂ ਅੱਜ ਮੌਸਮ ’ਚ ਹਲਕੀ ਤਬਦੀਲੀ ਨੇ ਕੁਝ ਰਾਹਤ ਦਿੱਤੀ ਹੈ ਪਰ ਕਈ ਜਗ੍ਹਾ ਅੱਗ ਹਾਲੇ ਵੀ ਲੱਗੀ ਹੋਈ ਹੈ। ਅੱਜ ਕਰੀਬ 60 ਹੋਰ ਘਰ ਸੁਆਹ ਹੋ ਗਏ ਤੇ 45 ਹਜ਼ਾਰ ਤੋਂ ਜ਼ਿਆਦਾ ਘਰਾਂ ’ਚ ਬਿਜਲੀ ਨਹੀਂ ਹੈ। ਦੋਵਾਂ ਸੂਬਿਆਂ ਦੇ ਵਿਚਾਲੇ ਪੈਂਦੀ ਰਾਜਧਾਨੀ ਕੈਨਬਰਾ ’ਚ ਹਵਾ ਪ੍ਰਦੂਸ਼ਣ ਸ਼ੁੱਧਤਾ ਦੇ ਪੈਮਾਨੇ ਤੋਂ 2800 ਅੰਕ ਉਤਾਂਹ ਹੈ। ਹਵਾ ਬੇਹੱਦ ਜ਼ਹਿਰੀਲੀ ਹੋਣ ਕਾਰਨ ਰਾਜਧਾਨੀ ਦੀਆਂ ਸਰਕਾਰੀ ਇਮਾਰਤਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਉਡਾਨਾਂ ਵੀ ਰੱਦ ਕੀਤੀਆਂ ਗਈਆਂ ਹਨ। ਆਸਟਰੇਲੀਆ ਵਿਚ ਵਾਪਰੀ ਇਸ ਵੱਡੀ ਤਰਾਸਦੀ ਦੌਰਾਨ ਬੇਘਰ ਹੋਏ ਪੀੜਤਾਂ ਨੇ ਸਰਕਾਰੀ ਰਾਹਤ ਕੈਂਪਾਂ ’ਚ ਸ਼ਰਨ ਲਈ ਹੈ। ਆਮ ਲੋਕ ਵੀ ਦਿਲ ਖੋਲ੍ਹ ਕੇ ਮਦਦ ਲਈ ਅੱਗੇ ਆ ਰਹੇ ਹਨ। ਰਾਹਤ ਕੇਂਦਰਾਂ ’ਚ ਰਸਦ ਪਹੁੰਚਾਈ ਜਾ ਰਹੀ ਹੈ। ਇਕ ਆਸਟਰੇਲਿਆਈ ਕਲਾਕਾਰ ਦੇ ਸੱਦੇ ’ਤੇ ਸਿਰਫ਼ ਤਿੰਨ ਦਿਨ ’ਚ ਆਮ ਲੋਕਾਂ ਨੇ ਢਾਈ ਕਰੋੜ ਡਾਲਰ ਦਾ ਰਾਹਤ ਫੰਡ ਇਕੱਠਾ ਕਰ ਲਿਆ ਹੈ। ਇਸ ਦੁਖਾਂਤ ਤੋਂ ਬਾਅਦ ਨਾਰਾਜ਼ ਆਸਟਰੇਲੀਆਈ ਲੋਕਾਂ ਦਾ ਵੱਡਾ ਤਬਕਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ’ਤੇ ਰਾਹਤ ਕਾਰਜਾਂ ਵਿਚ ਢਿੱਲ-ਮੱਠ ਵਰਤਣ ਦਾ ਦੋਸ਼ ਲਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮੌਰੀਸਨ ਛੁੱਟੀਆਂ ਮਨਾਉਣ ਗਏ ਹੋਏ ਸਨ ਤੇ ਲੋਕ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਵੀਡੀਓ ਨੂੰ ਮਹਿਜ਼ ਦਿਖਾਵਾ ਦੱਸ ਰਹੇ ਹਨ। ਦਰਅਸਲ ਸੱਤਾਧਾਰੀ ਲਿਬਰਲ ਪਾਰਟੀ ਦਾ ਜਲਵਾਯੂ ਤਬਦੀਲੀ ਪ੍ਰਤੀ ਗ਼ੈਰ-ਸੰਜੀਦਾ ਰਵੱਈਆ ਵੀ ਇਸ ਗੁੱਸੇ ਪਿਛਲਾ ਕਾਰਨ ਮੰਨਿਆ ਜਾ ਰਿਹਾ ਹੈ।






