ਤੇਂਦੁਲਕਰ ਵੱਲੋਂ ਚਾਰ ਰੋਜ਼ਾ ਟੈਸਟ ਤਜਵੀਜ਼ ਦਾ ਵਿਰੋਧ
ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ‘ਚਾਰ ਰੋਜ਼ਾ ਟੈਸਟ’ ਤਜਵੀਜ਼ ਦਾ ਪੁਰਜ਼ੋਰ ਵਿਰੋਧ ਕੀਤਾ ਹੈ ਅਤੇ ਕੌਮਾਂਤਰੀ ਖੇਡ ਸੰਸਥਾ ਨੂੰ ਇਸ ਵੰਨਗੀ ਨਾਲ ‘ਛੇੜਛਾੜ’ ਤੋਂ ਬਚਣ ਦੀ ਅਪੀਲ ਕੀਤੀ ਹੈ, ਜਿਸ ਵਿੱਚ ਸਪਿੰਨਰਾਂ ਦੀ ਭੂਮਿਕਾ ਆਖ਼ਰੀ ਦਿਨ ਹੁੰਦੀ ਹੈ। ਆਈਸੀਸੀ ਚਾਹੁੰਦੀ ਹੈ ਕਿ 143 ਸਾਲ ਪੁਰਾਣੀ ਪੰਜ ਰੋਜ਼ਾ ਵੰਨਗੀ ਚਾਰ ਦਿਨ ਦੀ ਕਰ ਦਿੱਤੀ ਜਾਵੇ ਅਤੇ ਅਗਲੇ ਭਵਿੱਖੀ ਦੌਰਾ ਪ੍ਰੋਗਰਾਮ (ਐੱਫਟੀਪੀ) ਸੈਸ਼ਨ ਵਿੱਚ ਸੀਮਤ ਓਵਰਾਂ ਦੀ ਕ੍ਰਿਕਟ ਨੂੰ ਵੱਧ ਤਵੱਜੋ ਦਿੱਤੀ ਜਾਵੇ। ਵਿਰਾਟ ਕੋਹਲੀ, ਰਿੱਕੀ ਪੋਂਟਿੰਗ, ਜਸਟਿਨ ਲੈਂਗਰ ਅਤੇ ਨਾਥਨ ਲਿਓਨ ਵਰਗੇ ਸਟਾਰ ਖਿਡਾਰੀਆਂ ਨੇ ਵੀ ਇਸ ਤਜਵੀਜ਼ ਦਾ ਵਿਰੋਧ ਕੀਤਾ ਹੈ।ਤੇਂਦੁਲਕਰ ਨੇ ਕਿਹਾ, ‘‘ਟੈਸਟ ਕ੍ਰਿਕਟ ਦਾ ਪ੍ਰਸ਼ੰਸਕ ਹੋਣ ਦੇ ਨਾਤੇ ਮੈਨੂੰ ਨਹੀਂ ਲਗਦਾ ਕਿ ਇਸ ਨਾਲ ਛੇੜਛਾੜ ਹੋਣੀ ਹੋਣੀ ਚਾਹੀਦੀ ਹੈ। ਇਸ ਵੰਨਗੀ ਨੂੰ ਉਸੇ ਤਰ੍ਹਾਂ ਖੇਡਿਆ ਜਾਣਾ ਚਾਹੀਦਾ ਹੈ, ਜਿਸ ਤਰ੍ਹਾਂ ਇਹ ਸਾਲਾਂ ਤੋਂ ਖੇਡੀ ਜਾਂਦੀ ਰਹੀ ਹੈ।’’ ਟੈਸਟ ਅਤੇ 50 ਓਵਰਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਤੇਂਦੁਲਕਰ ਦਾ ਮੰਨਣਾ ਹੈ ਕਿ ਇੱਕ ਦਿਨ ਘੱਟ ਹੋਣ ਕਾਰਨ ਬੱਲੇਬਾਜ਼ ਸੋਚਣ ਲੱਗਣਗੇ ਕਿ ਟੈਸਟ ਕ੍ਰਿਕਟ ਵਿੱਚ ਸੀਮਤ ਓਵਰਾਂ ਦੀ ਕ੍ਰਿਕਟ ਦਾ ਵਿਸਥਾਰ ਹੋਇਆ ਹੈ। ਦੋ ਸੌ ਟੈਸਟ ਖੇਡਣ ਵਾਲੇ ਦੁਨੀਆਂ ਦੇ ਇਕਲੌਤੇ ਕ੍ਰਿਕਟਰ ਤੇਂਦੁਲਕਰ ਨੇ ਕਿਹਾ, ‘‘ਬੱਲੇਬਾਜ਼ ਇਹ ਸੋਚਣਾ ਸ਼ੁਰੂ ਕਰ ਦੇਣਗੇ ਕਿ ਇਹ ਸੀਮਤ ਓਵਰਾਂ ਦੀ ਕ੍ਰਿਕਟ ਦੀ ਲੰਬੀ ਵੰਨਗੀ ਹੈ ਕਿਉਂਕਿ ਜੇਕਰ ਤੁਸੀਂ ਦੂਜੇ ਦਿਨ ਲੰਚ ਤੱਕ ਬੱਲੇਬਾਜ਼ੀ ਕਰ ਲਵੋਗੇ ਤਾਂ ਤੁਹਾਡੇ ਕੋਲ ਸਿਰਫ਼ ਢਾਈ ਦਿਨ ਬਚਣਗੇ। ਇਸ ਨਾਲ ਖੇਡ ਬਾਰੇ ਵਿਚਾਰ ਬਦਲ ਜਾਵੇਗਾ।’’ ਫ਼ਿਕਰਮੰਦੀ ਵਾਲੀ ਇੱਕ ਹੋਰ ਗੱਲ ਇਹ ਹੈ ਕਿ ਦਿਨ ਘੱਟ ਹੋਣ ਕਾਰਨ ਸਪਿੰਨਰਾਂ ਦੀ ਭੂਮਿਕਾ ’ਤੇ ਅਸਰ ਪੈ ਸਕਦਾ ਹੈ।






