May 4, 2026
#ਖੇਡਾਂ

ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਦੇ ਇਕ ਓਵਰ ਵਿਚ 3 ਵਿਕਟਾਂ ਲੈਣ, ਤੇਜ਼ ਗੇਂਦਬਾਜ਼ ਨਵਦੀਪ ਸੈਣੀ (18 ਦੌੜਾਂ ‘ਤੇ 2 ਵਿਕਟਾਂ) ਦੀ ਕੰਜੂਸੀ ਭਾਰੀ ਗੇਂਦਬਾਜ਼ੀ ਤੇ ਓਪਨਰ ਲੋਕੇਸ਼ ਰਾਹੁਲ ਦੀ 45 ਦੌੜਾਂ ਦੀ ਬਿਹਤਰੀਨ ਪਾਰੀ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ ਦੂਜੇ ਟੀ-20 ਮੁਕਾਬਲੇ ਵਿਚ ਮੰਗਲਵਾਰ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਤੇ ਸ਼੍ਰੀਲੰਕਾ ਵਿਚਾਲੇ ਗੁਹਾਟੀ ਵਿਚ ਪਹਿਲਾ ਮੁਕਾਬਲਾ ਮੀਂਹ ਤੇ ਗਿੱਲੇ ਮੈਦਾਨ ਕਾਰਣ ਰੱਦ ਹੋ ਗਿਆ ਸੀ ਪਰ ਦੂਜੇ ਮੁਕਾਬਲੇ ਵਿਚ ਭਾਰਤੀ ਟੀਮ ਨੇ ਪਹਿਲਾਂ ਗੇਂਦ ਤੇ ਫਿਰ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਸ਼੍ਰੀਲੰਕਾ ਨੂੰ 20 ਓਵਰਾਂ ਵਿਚ 9 ਵਿਕਟਾਂ ‘ਤੇ 142 ਦੌੜਾਂ ਦੇ ਸਕੋਰ ‘ਤੇ ਰੋਕਣ ਤੋਂ ਬਾਅਦ 17.3 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ‘ਤੇ 144 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕਰ ਲਈ। ਇਸ ਤਰ੍ਹਾਂ ਭਾਰਤ ਨੇ ਇਸ ਸਾਲ ਆਪਣੀ ਪਹਿਲੀ ਜਿੱਤ ਦਰਜ ਕਰਦਿਆਂ 2020 ਦਾ ਜੇਤੂ ਆਗਾਜ਼ ਕੀਤਾ।ਸੈਣੀ ਨੂੰ ਉਸਦੀ ਸ਼ਾਨਦਾਰ ਗੇਂਦਬਾਜ਼ੀ ਲਈ ‘ਮੈਨ ਆਫ ਦਿ ਮੈਚ’ ਦਾ ਐਵਾਰਡ ਦਿੱਤਾ ਗਿਆ। ਵਿਰਾਟ ਨੇ ਭਾਰਤ ਦੇ ਪ੍ਰਦਰਸ਼ਨ ਨੂੰ ਸ਼ਾਨਦਾਰ ਦੱਸਿਆ ਤੇ ਕਿਹਾ ਕਿ ਇਹ ਟੀਮ ਲਈ ਚੰਗਾ ਸੰਕੇਤ ਹੈ। ਓਪਨਰ ਲੋਕੇਸ਼ ਰਾਹੁਲ ਨੇ 45, ਸ਼ਿਖਰ ਧਵਨ ਨੇ 32, ਸ਼੍ਰੇਅਸ ਅਈਅਰ ਨੇ 34 ਤੇ ਕਪਤਾਨ ਵਿਰਾਟ ਕੋਹਲੀ ਨੇ ਅਜੇਤੂ 30 ਦੌੜਾਂ ਬਣਾਈਆਂ। ਰਾਹੁਲ ਤੇ ਸ਼ਿਖਰ ਨੇ ਪਹਿਲੀ ਵਿਕਟ ਲਈ 71 ਦੌੜਾਂ ਜੋੜ ਕੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ, ਜਦਕਿ ਅਈਅਰ ਤੇ ਵਿਰਾਟ ਨੇ ਤੀਜੀ ਵਿਕਟ ਲਈ ਸਾਂਝੇਦਾਰੀ ਵਿਚ 51 ਦੌੜਾਂ ਜੋੜ ਕੇ ਭਾਰਤ ਨੂੰ ਜਿੱਤ ਦੀ ਮੰਜ਼ਿਲ ਦੇ ਨੇੜੇ ਪਹੁੰਚਾ ਦਿੱਤਾ। ਕਪਤਾਨ ਵਿਰਾਟ ਨੇ ਜੇਤੂ ਛੱਕਾ ਮਾਰਿਆ। ਛੋਟੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਚੰਗੀ ਸ਼ੁਰੂਆਤ ਕੀਤੀ । ਸ਼ਾਨਦਾਰ ਫਾਰਮ ਵਿਚ ਚੱਲ ਰਹੇ ਰਾਹੁਲ ਨੇ ਸ਼੍ਰੀਲੰਕਾ ਦੇ ਕਪਤਾਨ ਮਲਿੰਗਾ ਦੀਆਂ ਗੇਂਦਾਂ ‘ਤੇ ਲਗਾਤਾਰ 2 ਚੌਕੇ ਲਾ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਸਨ। ਸੀਮਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਇਸ ਸੀਰੀਜ਼ ਤੋਂ ਆਰਾਮ ਦਿੱਤੇ ਜਾਣ ਤੋਂ ਬਾਅਦ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਨੂੰ ਇਸ ਸੀਰੀਜ਼ ਵਿਚ ਮੌਕਾ ਮਿਲਿਆ, ਜਿਸਦਾ ਉਸ ਨੇ ਪੂਰਾ ਫਾਇਦਾ ਚੁੱਕਿਆ। ਸ਼ਿਖਰ ਸੱਟ ਤੋਂ ਉਭਰਨ ਤੋਂ ਬਾਅਦ ਇਸ ਸੀਰੀਜ਼ ਵਿਚ ਵਾਪਸੀ ਕਰ ਰਿਹਾ ਸੀ।ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਯਮਿਤ ਫਰਕ ਵਿਚ ਵਿਕਟਾਂ ਗੁਆਈਆਂ। ਉਸ ਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਦਾਨੁਸ਼ਾ ਗੁਣਾਥਿਲਾਕਾ (20), ਅਵਿਸ਼ਕਾ ਫਰਨਾਂਡੋ (22) ਅਤੇ ਕੁਸ਼ਾਲ ਪਰੇਰਾ (34) ਨੇ ਚੰਗੀ ਸ਼ੁਰੂਆਤ ਕੀਤੀ ਪਰ ਭਾਰਤੀ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਆਪਣੇ ਸਕੋਰ ਨੂੰ ਵੱਡੇ ਸਕੋਰ ਵਿਚ ਬਦਲਣ ਨਹੀਂ ਦਿੱਤਾ। ਵਾਹਿੰਦੁ ਹਸਰੰਗਾ (ਅਜੇਤੂ 16) ਨੇ ਬੁਮਰਾਹ ਦੀਆਂ ਆਖਰੀ ਤਿੰਨ ਗੇਂਦਾਂ ‘ਤੇ ਚੌਕੇ ਲਾ ਕੇ ਟੀਮ ਨੂੰ ਕੁਝ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਧਨੰਜਯ ਡਿਸਿਲਵਾ (17) ਅਤੇ ਓਸ਼ਾਦੋ ਫਰਨਾਂਡੋ (10) ਦੋਹਰੇ ਅੰਕ ‘ਚ ਪਹੁੰਚਣ ਵਾਲੇ ਹੋਰ ਬੱਲੇਬਾਜ਼ ਸਨ।