ਨਿਰਭਯਾ ਕਾਂਡ : ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਹੋਵੇਗੀ ਫ਼ਾਂਸੀ
ਅਦਾਲਤ ਵੱਲੋਂ ਡੈੱਥ ਵਾਰੰਟ ਜਾਰੀ
ਨਵੀਂ ਦਿੱਲੀ – ਨਿਰਭਯਾ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਇਤਿਹਾਸਕ ਫੈਸਲਾ ਸੁਣਾਉਂਦਿਆਂ ਚਾਰੇ ਦੋਸ਼ੀਆਂ ਦੇ ਡੈੱਥ ਵਾਰੰਟ ਜਾਰੀ ਕਰ ਦਿੱਤੇ ਹਨ। ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਅਦਾਲਤ ਵੱਲੋਂ ਦਿੱਲੀ ਸਰਕਾਰ ਦੀ ਉਸ ਪਟੀਸ਼ਨ ‘ਤੇ ਸੁਣਵਾਈ ਕੀਤੀ ਗਈ, ਜਿਸ ਵਿੱਚ ਨਿਰਭਯਾ ਮਾਮਲੇ ਵਿੱਚ ਚਾਰੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਡੈੱਥ ਵਾਰੰਟ ਜਾਰੀ ਕਰਨ ਦੀ ਬੇਨਤੀ ਕੀਤੀ ਗਈ ਸੀ। ਸੁਣਵਾਈ ਦੌਰਾਨ ਨਿਰਭਯਾ ਦੇ ਮਾਤਾ-ਪਿਤਾ ਵੱਲੋਂ ਅਦਾਲਤ ਨੂੰ ਗੁਜ਼ਾਰਿਸ਼ ਕੀਤੀ ਗਈ ਕਿ ਚਾਰਾਂ ਦੋਸ਼ੀਆਂ ਅਕਸ਼ੈ, ਮੁਕੇਸ਼, ਵਿਨਯ ਤੇ ਪਵਨ ਨੂੰ ਫਾਂਸੀ ਦੇਣ ਸਬੰਧੀ ਡੈੱਥ ਵਾਰੰਟ ਜਾਰੀ ਕੀਤਾ ਜਾਵੇ। ਉੱਥੇ ਹੀ ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਵੱਲੋਂ ਅਦਾਲਤ ‘ਚ ਕਿਹਾ ਗਿਆ ਕਿ ਉਹ ਸੁਪਰੀਮ ਕੋਰਟ ‘ਚ ਕਿਊਰਿਟ ਪਟੀਸ਼ਨ ਦਾਇਰ ਕਰਨ ਦੀ ਪ੍ਰਕਿਰਿਆ ‘ਚ ਜੁਟੇ ਹਨ। ਜਾਣਕਾਰੀ ਮੁਤਾਬਿਕ ਨਿਰਭਯਾ ਦੇ ਵਕੀਲਾਂ ਨੇ ਸੁਣਵਾਈ ਦੌਰਾਨ ਮੰਗ ਕੀਤੀ ਕਿ ਡੈੱਥ ਵਾਰੰਟ ਜਾਰੀ ਕੀਤਾ ਜਾਵੇ, ਉਸ ਤੋਂ ਬਾਅਦ ਵੀ 14 ਦਿਨਾਂ ਦਾ ਸਮਾਂ ਹੁੰਦਾ ਹੈ, ਉਦੋਂ ਤੱਕ ਦੋਸ਼ੀ ਚਾਹੁਣ ਤਾਂ ਕਾਨੂੰਨੀ ਮਦਦ ਲੈ ਸਕਦੇ ਹਨ। ਪਟਿਆਲਾ ਹਾਊਸ ਕੋਰਟ ਦੇ ਅੱਜ ਦੇ ਫ਼ੈਸਲੇ ਉੱਤੇ ਸਾਰੇ ਦੇਸ਼ ਦੀ ਨਜ਼ਰ ਸੀ। ਜ਼ਿਕਰਯੋਗ ਹੈ ਕਿ ਦਸੰਬਰ 2012 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੋਏ ਸਮੂਹਕ ਬਲਾਤਕਾਰ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ‘ਚ ਇੱਕ ਚੱਲਦੀ ਬੱਸ ਵਿੱਚ 23 ਸਾਲਾਂ ਦੀ ਪੈਰਾ ਮੈਡੀਕਲ ਵਿਦਿਆਰਥਣ ਨਾਲ ਛੇ ਜਣਿਆਂ ਨੇ ਸਮੂਹਿਕ ਜਬਰ ਜਨਾਹ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ‘ਚ ਉਸ ਨੂੰ ਚੱਲਦੀ ਬੱਸ ਵਿੱਚੋਂ ਬਾਹਰ ਸੁੱਟ ਦਿੱਤਾ ਸੀ। ਹਾਦਸੇ ਬਾਅਦ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ‘ਚ ਪੀੜਿਤਾ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।






