Skip to content

ਕੈਪਟਨ ਅਮਰਿੰਦਰ ਸਿੰਘ ਨੇ ਸ਼ਿਵ ਰਾਜ ਚੌਹਾਨ ਨੂੰ ਵੰਗਾਰਿਆ

Share this story

ਭਾਜਪਾ ਨੂੰ ਸੀ.ਏ.ਏ. ‘ਤੇ ਜ਼ਿੱਦੀ ਰੁਖ਼ ਅਪਣਾਉਣ ਲਈ ਭਾਰੀ ਕੀਮਤ ਚੁਕਾਉਣੀ ਪਵੇਗੀ

ਚੰਡੀਗੜ੍ਹ – ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਵੱਲੋਂ ਕੇਂਦਰ ਸਰਕਾਰ ਵੱਲੋਂ ਸੀ.ਏ.ਏ. ਨੂੰ ਹਰ ਕੀਮਤ ‘ਤੇ ਲਾਗੂ ਕਰਨ ਦੀ ਧਮਕੀ ਭਰੇ ਦਿੱਤੇ ਬਿਆਨ ਨੂੰ ਆੜੇ ਹੱਥੀਂ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਭਾਜਪਾ ਨੂੰ ਆਪਣੇ ਇਸ ਜ਼ਿੱਦੀ ਤੇ ਅੜੀਅਲ ਰਵੱਈਏ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਇਕ ਚੁਣੀ ਹੋਈ ਸਰਕਾਰ ਜਿਹੜੀ ਆਪਣੇ ਲੋਕਾਂ ਦੀ ਆਵਾਜ਼ ਨੂੰ ਸੁਣਨ ਅਤੇ ਉਨ੍ਹਾਂ ਦੇ ਗੁੱਸੇ ਦਾ ਜਵਾਬ ਦੇਣ ਤੋਂ ਮੁਨਕਰ ਹੋਵੇ, ਉਹ ਵਿਸ਼ਵਾਸ ਗਵਾਉਣ ਅਤੇ ਡਿੱਗਣ ਲਈ ਪਾਬੰਦ ਹੈ। ਉਨ੍ਹਾਂ ਕਿਹਾ ਕਿ ਸੀ.ਏ.ਏ. ਉਤੇ ਭਾਜਪਾ ਦਾ ਰੁਖ ਖਤਰਨਾਕ ਫਾਸੀਵਾਦ ਪਹੁੰਚ ਵਾਲਾ ਹੈ ਜਿਹੜਾ ਉਨ੍ਹਾਂ ਨੂੰ ਲੈ ਡਿੱਗੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਥੋਂ ਤੱਕ ਉਨ੍ਹਾਂ ਦੀ ਸਰਕਾਰ ਦਾ ਸਬੰਧ ਹੈ ਤਾਂ ਇਸ ਫੁੱਟ ਪਾਊ ਕਾਨੂੰਨ ਨੂੰ ਪੰਜਾਬ ਵਿੱਚ ਲਾਗੂ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ੍ਹਾਂ ਐਲਾਨ ਕੀਤਾ, ”ਤੁਸੀਂ ਸਾਨੂੰ ਇਸ ਨੂੰ ਲਾਗੂ ਕਰਨ ਲਈ ਮਜਬੂਰ ਨਹੀਂ ਕਰ ਸਕਦੇ।” ਉਨ੍ਹਾਂ ਨਾਲ ਹੀ ਕਿਹਾ ਕਿ ਨਾ ਹੀ ਉਹ ਤੇ ਨਾ ਹੀ ਕਾਂਗਰਸ ਪਾਰਟੀ ਪਾਕਿਸਤਾਨ ਵਿੱਚ ਸਿੱਖਾਂ ਵਾਂਗ ਹੋਰਨਾਂ ਮੁਲਕਾਂ ਵਿੱਚ ਪੀੜਤ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਦੇ ਖਿਲਾਫ ਹਨ। ਉਹ ਤਾਂ ਮੁਸਲਮਾਨਾਂ ਸਮੇਤ ਕੁਝ ਧਰਮਾਂ ਦੇ ਲੋਕਾਂ ਨਾਲ ਕੀਤੀ ਜਾ ਰਹੀ ਵਿਤਕਰੇਬਾਜ਼ੀ ਕਰ ਕੇ ਸੀ.ਏ.ਏ. ਦੇ ਵਿਰੋਧੀ ਹਨ। ਸ਼ਿਵ ਰਾਜ ਚੌਹਾਨ ਦੇ ਹੈਰਾਨ ਕਰ ਦੇਣ ਵਾਲੇ ਬੇਤੁਕੇ ਬਿਆਨ ਉਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਵਿਵਾਦਤ ਨਾਗਰਿਕਤਾ ਸੋਧ ਬਿੱਲ ਖਿਲਾਫ ਫੁੱਟੇ ਦੇਸ਼ ਵਿਆਪੀ ਰੋਸ਼ ਪ੍ਰਦਰਸ਼ਨ ਦੇ ਬਾਵਜੂਦ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਕਾਨੂੰਨ ਦੀ ਗੈਰ ਸੰਵਿਧਾਨਕਤਾ ਨੂੰ ਮੰਨਣ ਤੋਂ ਪੂਰੀ ਤਰ੍ਹਾਂ ਮੁਨਕਰ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੱਲੋਂ ਬੀਤੇ ਕੱਲ੍ਹ ਲੁਧਿਆਣਾ ਵੱਲੋਂ ਦਿੱਤੇ ਬਿਆਨ ਉਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੌਹਾਨ ਹੋਰਨਾਂ ਭਾਜਪਾ ਆਗੂਆਂ ਵਾਂਗ ਸੀ.ਏ.ਏ. ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਨਹੀਂ ਹਨ ਅਤੇ ਨਾ ਹੀ ਉਹ ਇਨ੍ਹਾਂ ਨੂੰ ਜਾਣਨਾ ਚਾਹੁੰਦੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਚੌਹਾਨ ਨੂੰ ਇਸ ਗੱਲ ਦਾ ਭੋਰਾ ਵੀ ਇਲਮ ਨਹੀਂ ਕਿ ਉਹ ਕੀ ਕਹਿ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੇ ਇਸ ਕਾਨੂੰਨ ਦਾ ਅਧਿਐਨ ਕਰਨ ਦੀ ਖੇਚਲ ਕੀਤੀ ਹੈ ਜਿਸ ਕਾਰਨ ਦੇਸ਼ ਭਰ ਵਿੱਚ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਚੌਹਾਨ ਦਾ ਇਹ ਦਾਅਵਾ ਕਿ ਇਹ ਪ੍ਰਦਰਸ਼ਨ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਦੀ ਦਿਮਾਗੀ ਸੋਚ ਹੈ, ਬਿਲਕੁਲ ਗਲਤ ਹੈ। ਇਹ ਰੋਸ ਦੇਸ਼ ਭਰ ਵਿੱਚ ਸਾਰੇ ਧਰਮਾਂ ਤੇ ਪਾਰਟੀ ਪੱਧਰ ਤੋਂ ਉਠ ਕੇ ਆਪਣੇ ਆਪ ਪੈਦਾ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਕੀ ਚੌਹਾਨ ਇਸ ਗੱਲ ਉਤੇ ਵਿਸ਼ਵਾਸ ਕਰਦੇ ਹਨ ਕਿ ਨੌਜਵਾਨਾਂ ਤੇ ਵਿਦਿਆਰਥੀਆਂ ਸਣੇ ਲੱਖਾਂ ਦੀ ਗਿਣਤੀ ਵਿੱਚ ਸੜਕਾਂ ਉਤੇ ਗੋਲੀਆਂ ਤੇ ਲਾਠੀਆਂ ਖਾਣ ਲਈ ਉਤਰੇ ਲੋਕ ਕਾਂਗਰਸ ਦੇ ਸਮਰਥਕ ਹਨ?” ਉਨ੍ਹਾਂ ਅੱਗੇ ਕਿਹਾ, ”ਨਾ ਹੀ ਉਹ ਤੇ ਨਾ ਹੀ ਭਾਜਪਾ ਆਗੂ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਸੁਣ ਰਹੇ ਹਨ ਜਿਨ੍ਹਾਂ ਵਿੱਚੋਂ ਬਹੁਤਿਆਂ ਦੀ ਇਸ ਮਾਮਲੇ ਨਾਲ ਕੋਈ ਨਿੱਜੀ ਹਿੱਸੇਦਾਰੀ ਨਹੀਂ।” ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਲੋਕ ਉਹ ਦੇਖ ਰਹੇ ਹਨ ਜੋ ਚੌਹਾਨ ਦੇਖਣ ਵਿੱਚ ਅਸਫਲ ਹਨ ਕਿ ਸੀ.ਏ.ਏ. ਇਕ ਗੈਰਸੰਵਿਧਾਨਕ ਕਾਨੂੰਨ ਹੈ ਜਿਹੜਾ ਭਾਰਤ ਦੇ ਸੰਵਿਧਾਨ ਦੀ ਧਰਮ ਨਿਰਪੱਖ ਭਾਵਨਾ ਨੂੰ ਖਤਮ ਕਰ ਰਿਹਾ ਹੈ।

Share this story
WRITTEN BY

BREAKING