ਦਿੱਲੀ ਦੇ ਪਟਪੜਗੰਜ ਵਿੱਚ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ
ਦਿੱਲੀ – ਪੂਰਬੀ ਦਿੱਲੀ ਦੇ ਪਟਪੜਗੰਜ ਉਦਯੋਗਿਕ ਖੇਤਰ ਦੀ ਇਕ ਫੈਕਟਰੀ ਵਿੱਚ ਬੀਤੀ ਦੇਰ ਰਾਤ ਅੱਗ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ| ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਕਰੀਬ 2.38 ਵਜੇ ਉਹਨਾਂ ਨੂੰ ਅੰਗ ਲੱਗਣ ਦੀ ਸੂਚਨਾ ਮਿਲੀ ਅਤੇ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਨੂੰ ਮੌਕੇ ਤੇ ਭੇਜਿਆ ਗਿਆ| ਉਹਨਾਂ ਦੱਸਿਆ ਕਿ ਅੱਗ ਤੇ ਸਵੇਰੇ 8 ਵਜੇ ਕਾਬੂ ਪਾਇਆ ਗਿਆ| ਉਹਨਾਂ ਕਿਹਾ ਕਿ ਇਮਾਰਤ ਵਿੱਚ ਕਿਸੇ ਦੇ ਫਸੇ ਹੋਣ ਦੇ ਖਦਸ਼ੇ ਨੂੰ ਦੂਰ ਕਰਨ ਲਈ ਤਲਾਸ਼ੀ ਲਈ ਜਾ ਰਹੀ ਹੈ| ਅੱਗ ਬੇਸਮੈਂਟ, ਪਹਿਲੀ ਅਤੇ ਦੂਜੀ ਮੰਜਿਲ ਤੇ ਲੱਗੀ ਸੀ| ਇੱਕ ਵਿਅਕਤੀ ਨੂੰ ਫੈਕਟਰੀ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਉਥੇ ਉਸ ਨੇ ਦਮ ਤੋੜ ਦਿੱਤਾ| ਇਸ ਫੈਕਟਰੀ ਵਿੱਚ ਪ੍ਰਿੰਟਿੰਗ ਦਾ ਕੰਮ ਹੁੰਦਾ ਸੀ|ਪਟਪੜਗੰਜ ਪੂਰਬੀ ਦਿੱਲੀ ਦਾ ਉਦਯੋਗਿਕ ਇਲਾਕਾ ਹੈ| ਆਨੰਦ ਬਿਹਾਰ ਨਾਲ ਲੱਗਦੇ ਇਸ ਇਲਾਕੇ ਵਿੱਚ ਕਈ ਉਦਯੋਗਿਕ ਯੂਨਿਟ ਹਨ| ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਕੰਮ ਕਰਦੇ ਹਨ| ਕਈ ਛੋਟੀਆਂ-ਵੱਡੀਆਂ ਫੈਕਟਰੀਆਂ ਵਿੱਚ ਇੱਥੇ ਇਕ ਦਿਨ-ਰਾਤ ਕੰਮ ਹੁੰਦਾ ਹੈ| ਅਚਾਨਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ|






