May 6, 2026
#ਭਾਰਤ

ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ 9 ਅਫਗਾਨੀ ਗ੍ਰਿਫਤਾਰ

ਨਵੀਂ ਦਿੱਲੀ – ਅਫਗਾਨਿਸਤਾਨ ਤੋਂ ਦਿੱਲੀ ਵਿੱਚ ਹੈਰੋਇਨ ਲਿਆਉਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ| ਇਹ ਲੋਕ ਹੈਰੋਇਨ ਵਾਲੇ ਕੈਪਸੂਲ ਪੇਟ ਵਿੱਚ ਲੁਕਾ ਕੇ ਲੈ ਕੇ ਆਉਂਦੇ ਸਨ| ਇਸ ਦੇ ਬਦਲੇ ਇਨ੍ਹਾਂ ਨੂੰ ਲੱਖ-ਲੱਖ ਰੁਪਏ ਮਿਲਦੇ ਸਨ| ਗਰੁੱਪ ਦੇ 7 ਵਿਅਕਤੀਆਂ ਨੂੰ ਖੁਫੀਆ ਸੂਚਨਾ ਦੇ ਆਧਾਰ ਤੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ| ਇਨ੍ਹਾਂ ਸਾਰਿਆਂ ਦੇ ਪੇਟ ਵਿੱਚ ਕਰੀਬ 40 ਤਕ ਕੈਪਸੂਲ ਸਨ| ਸੱਤਾਂ ਦੇ ਪੇਟ ਵਿੱਚੋਂ ਕੁੱਲ 177 ਕੈਪਸੂਲ ਬਰਾਮਦ ਕੀਤੇ ਗਏ ਹਨ| ਬਰਾਮਦ ਹੈਰੋਇਨ ਦੀ ਕੀਮਤ 10 ਕਰੋੜ ਕਰੀਬ ਹੈ| 2 ਹੋਰ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜੋ ਭਾਰਤ ਵਿੱਚ ਹੀ ਰਹਿੰਦੇ ਸਨ, ਇਨ੍ਹਾਂ ਨੂੰ ਰਿਸੀਵਰ ਦੱਸਿਆ ਗਿਆ ਹੈ| ਸਾਰੇ ਲੋਕਾਂ ਨੂੰ ਨਸ਼ੀਲੇ ਪਦਾਰਥ ਕੰਟਰੋਲ ਬਿਊਰੋ (ਐਨ. ਸੀ. ਬੀ.) ਨੇ ਫੜਿਆ ਹੈ| ਸ਼ੱਕ ਹੋਣ ਤੇ ਇਨ੍ਹਾਂ ਨੂੰ ਤਲਾਸ਼ੀ ਲਈ ਰੋਕਿਆ ਗਿਆ| ਸਾਮਾਨ ਵਿੱਚੋਂ ਕੁਝ ਨਾ ਮਿਲਣ ਤੇ ਇਨ੍ਹਾਂ ਨੂੰ ਸਕੈਨਿੰਗ ਅਤੇ ਐਕਸ-ਰੇਅ ਲਈ ਭੇਜਿਆ ਗਿਆ| ਰਿਪੋਰਟ ਹੈਰਾਨ ਕਰਨ ਵਾਲੀ ਸੀ| ਇਨ੍ਹਾਂ ਸਾਰਿਆਂ ਦੇ ਪੇਟ ਵਿੱਚੋਂ ਕੈਪਸੂਲ ਨਜ਼ਰ ਆਏ| ਇਨ੍ਹਾਂ ਨੂੰ ਕੱਢਵਾਉਣ ਲਈ ਐਨ. ਸੀ. ਬੀ. ਨੇ ਕਰੀਬ 10 ਦਰਜਨ ਕੇਲੇ ਖੁਆਏ| ਇਹ ਕੈਪਸੂਲ ਉਨ੍ਹਾਂ ਦੇ ਪੇਟ ਵਿਚ ਕਿਵੇਂ ਗਏ? ਅਸਲ ਵਿੱਚ ਸਵਾਲ ਇਹ ਸੀ| ਇਸ ਦੀ ਜਾਣਕਾਰੀ ਵੀ ਗਰੁੱਪ ਦੇ ਲੋਕਾਂ ਨੇ ਦਿੱਤੀ| ਉਨ੍ਹਾਂ ਮੁਤਾਬਕ ਸ਼ਹਿਦ ਅਤੇ ਇਕ ਸਪੈਸ਼ਲ ਤੇਲ ਦੀ ਮਦਦ ਨਾਲ ਉਨ੍ਹਾਂ ਗੋਲੀਆਂ ਨੂੰ ਪੇਟ ਵਿੱਚ ਪਾਇਆ ਗਿਆ ਸੀ| ਇਨ੍ਹਾਂ ਦੀ ਯੋਜਨਾ ਸੀ ਕਿ ਸਾਰੇ 177 ਕੈਪਸੂਲ ਹੋਟਲ ਵਿੱਚ ਜਾ ਕੇ ਕੱਢੇ ਜਾਣਗੇ|