ਨਿਰਭਯਾ ਦੇ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਖਾਰਜ, 22 ਜਨਵਰੀ ਨੂੰ ਫਾਂਸੀ ਪੱਕੀ
ਨਵੀਂ ਦਿੱਲੀ – ਨਿਰਭਯਾ ਗੈਂਗਰੇਪ ਕੇਸ ਦੇ ਦੋ ਦੋਸ਼ੀਆਂ ਵਿਨੇ ਸ਼ਰਮਾ ਅਤੇ ਮੁਕੇਸ਼ ਦੀ ਕਿਊਰੇਟਿਵ ਪਟੀਸ਼ਨਾਂ ਨੂੰ ਸੁਪਰੀਮ ਕੋਰਟ ਵਿੱਚ ਅੱਜ ਖਾਰਜ ਕਰ ਦਿੱਤਾ ਗਿਆ ਅਤੇ ਕਿਊਰੇਟਿਵ ਪਟੀਸ਼ਨ ਖਾਰਜ ਹੋਣ ਮਗਰੋਂ ਦੋਸ਼ੀਆਂ ਦੀ ਫਾਂਸੀ ਤੇ ਪੱਕੇ ਤੌਰ ਤੇ ਮੋਹਰ ਲੱਗ ਗਈ ਹੈ| ਸੁਪਰੀਮ ਕੋਰਟ ਦੀ 5 ਮੈਂਬਰੀ ਬੈਂਚ ਜਸਟਿਸ ਐਨ. ਵੀ. ਰਮਨਾ, ਅਰੁਣ ਮਿਸ਼ਰਾ, ਰੋਹਿੰਟਨ ਫਲੀ ਨਰੀਮਨ, ਆਰ. ਭਾਨੂੰਮਤੀ ਅਤੇ ਅਸ਼ੋਕ ਭੂਸ਼ਣ ਦੋਹਾਂ ਦੋਸ਼ੀਆਂ ਵਲੋਂ ਦਾਇਰ ਪਟੀਸ਼ਨਾਂ ਤੇ ਸੁਣਵਾਈ ਕੀਤੀ ਗਈ| 5 ਜੱਜਾਂ ਦੀ ਬੈਂਚ ਨੇ ਦੋਹਾਂ ਦੋਸ਼ੀਆਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ| ਪਟੀਸ਼ਨ ਨੂੰ ਸਾਰੇ ਜੱਜਾਂ ਦੀ ਸਹਿਮਤੀ ਨਾਲ ਖਾਰਜ ਕੀਤਾ ਗਿਆ|ਜਿਕਰਯੋਗ ਹੈ ਕਿ ਨਿਰਭਯਾ ਦੀ ਮਾਂ ਨੇ ਕੋਰਟ ਵਿੱਚ ਡੈਥ ਵਾਰੰਟ ਜਾਰੀ ਕਰਨ ਦੀ ਅਰਜ਼ੀ ਦਾਇਰ ਕੀਤੀ ਸੀ| ਜਿਸਤੋਂ ਬਾਅਦ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਲੋਂ ਨਿਰਭਯਾ ਕਾਂਡ ਦੇ ਚਾਰੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਲਈ ਬੀਤੀ 7 ਜਨਵਰੀ ਨੂੰ ਡੈਥ ਵਾਰੰਟ ਜਾਰੀ ਕੀਤਾ ਗਿਆ ਸੇ| ਕੋਰਟ ਨੇ ਚਾਰੇ ਦੋਸ਼ੀਆਂ ਨੂੰ 22 ਜਨਵਰੀ ਦੀ ਸਵੇਰ ਨੂੰ 7 ਵਜੇ ਫਾਂਸੀ ਦੇਣ ਦਾ ਸਮਾਂ ਤੈਅ ਕੀਤਾ ਹੈ| ਡੈਥ ਵਾਰੰਟ ਜਾਰੀ ਹੋਣ ਮਗਰੋਂ ਚਾਰ ਦੋਸ਼ੀਆਂ ਵਿੱਚੋਂ 2 ਨੇ ਸੁਪਰੀਮ ਕੋਰਟ ਦਾ ਮੁੜ ਦਰਵਾਜ਼ਾ ਖੜਕਾਇਆ ਸੀ| ਇਹ ਚਾਰੇ ਦੋਸ਼ੀ ਤਿਹਾੜ ਜੇਲ ਵਿੱਚ ਬੰਦ ਹਨ, ਜਿੱਥੇ ਉਨ੍ਹਾਂ ਨੂੰ ਇਕੱਠਿਆਂ ਫਾਂਸੀ ਤੇ ਲਟਕਾਇਆ ਜਾਵੇਗਾ|ਨਿਰਭਯਾ ਨਾਲ 16 ਦਸੰਬਰ 2012 ਨੂੰ ਦਿੱਲੀ ਵਿੱਚ ਚੱਲਦੀ ਬੱਸ ਵਿੱਚ ਗੈਂਗਰੇਪ ਕੀਤਾ ਗਿਆ ਸੀ ਅਤੇ ਕਰੀਬ 13 ਦਿਨ ਬਾਅਦ ਨਿਰਭਯਾ ਜ਼ਿੰਦਗੀ ਦੀ ਜੰਗ ਹਾਰ ਗਈ ਸੀ| ਇਸ ਅਪਰਾਧ ਵਿੱਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਬਲਾਤਕਾਰ ਅਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੀ| ਦੋਸ਼ੀਆਂ ਵਿੱਚੋਂ ਇਕ ਨੇ ਜੇਲ ਵਿੱਚ ਖੁਦਕੁਸ਼ੀ ਕਰ ਲਈ ਸੀ, ਜਦੋਂਕਿ ਇਕ ਨਾਬਾਲਗ ਸੀ ਜਿਸ ਨੂੰ ਜੁਵੇਨਾਈਲ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ|






