Skip to content

ਧੋਨੀ ਕ੍ਰਿਕਟ ਬੋਰਡ ਦੀ ਕੇਂਦਰੀ ਕਰਾਰ ਸੂਚੀ ’ਚੋਂ ਬਾਹਰ

Share this story

ਮਹਿੰਦਰ ਸਿੰਘ ਧੋਨੀ ਨੂੰ ਅੱਜ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਕੇਂਦਰੀ ਕਰਾਰ ਵਾਲੀ ਖਿਡਾਰੀਆਂ ਦੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਜਿਸ ਕਰ ਕੇ ਭਾਰਤ ਦੇ ਸਾਬਕਾ ਕਪਤਾਨ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਧੋਨੀ ਨੇ ਪਿਛਲੇ ਸਾਲ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਕ੍ਰਿਕਟ ਨਹੀਂ ਖੇਡਿਆ ਹੈ।ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਕਤੂਬਰ 2019 ਤੋਂ ਸਤੰਬਰ 2020 ਤੱਕ ਲਈ ਕੇਂਦਰੀ ਕਰਾਰਾਂ ਦਾ ਐਲਾਨ ਕੀਤਾ। ਧੋਨੀ ਪਿਛਲੇ ਸਾਲ ਤੱਕ ‘ਏ’ ਗਰੇਡ ’ਚ ਸੀ ਜਿਸ ਨੂੰ ਸਾਲਾਨਾ ਪੰਜ ਕਰੋੜ ਰੁਪਏ ਮਿਲਦੇ ਸਨ। ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ‘ਏ+’ ਗਰੇਡ ’ਚ ਕਾਇਮ ਹਨ ਜਿਨ੍ਹਾਂ ਨੂੰ ਸੱਤ ਕਰੋੜ ਰੁਪਏ ਸਾਲਾਨਾ ਮਿਲਦੇ ਹਨ। ਬੱਲੇਬਾਜ਼ ਕੇ.ਐੱਲ. ਰਾਹੁਲ ਨੂੰ ਤਰੱਕੀ ਦਿੰਦੇ ਹੋਏ ‘ਬੀ’ ਗਰੇਡ ਤੋਂ ‘ਏ’ ਗਰੇਡ ’ਚ ਲੈ ਆਉਂਦਾ ਹੈ। ਪਿਛਲੇ ਸਾਲ ਆਸਟਰੇਲੀਆ ਦੌਰੇ ’ਤੇ ਖ਼ਰਾਬ ਫਾਰਮ ਕਾਰਨ ਟੈਸਟ ਟੀਮ ਤੋਂ ਬਾਹਰ ਹੋਏ ਰਾਹੁਲ ਨੇ ਸੀਮਿਤ ਓਵਰਾਂ ਦੇ ਕ੍ਰਿਕਟ ਵਿੱਚ ਜ਼ੋਰਦਾਰ ਵਾਪਸੀ ਕੀਤੀ ਹੈ।ਧੋਨੀ ਦੇ ਕਰਾਰ ਦਾ ਨਵੀਨੀਕਰਨ ਨਾ ਹੋਣਾ ਉਂਜ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਉਸ ਨੇ 9 ਜੁਲਾਈ ਨੂੰ ਵਿਸ਼ਵ ਕੱਪ ਸੈਮੀਫਾਈਨਲ ਦੇ ਬਾਅਦ ਤੋਂ ਮੁਕਾਬਲੇ ਵਾਲਾ ਕੋਈ ਮੈਚ ਨਹੀਂ ਖੇਡਿਆ ਹੈ। ਮੁੱਖ ਕੋਚ ਰਵੀ ਸ਼ਾਸਤਰੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਧੋਨੀ ਜਲਦੀ ਹੀ ਇਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈ ਸਕਦਾ ਹੈ ਤਾਂ ਜੋ ਆਈਪੀਐੱਲ ਵਿੱਚ ਚੰਗਾ ਪ੍ਰਦਰਸ਼ਨ ਕਰ ਕੇ ਟੀ20 ਵਿਸ਼ਵ ਕੱਪ ਲਈ ਦਾਅਵਾ ਮਜ਼ਬੂਤ ਕਰ ਸਕੇ। ਆਸਟਰੇਲੀਆ ਦੇ 2018-19 ਦੇ ਦੌਰੇ ’ਤੇ ਸ਼ਾਨਦਾਰ ਸ਼ੁਰੂਆਤ ਕਰਨ ਵਾਲੇ ਟੈਸਟ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੂੰ ਗਰੇਡ ‘ਬੀ’ ਵਿੱਚ ਹਾਰਦਿਕ ਪੰਡਿਆ ਤੇ ਯੁਜ਼ਵੇਂਦਰ ਚਹਿਲ ਦੇ ਨਾਲ ਰੱਖਿਆ ਗਿਆ ਹੈ। ਤੇਜ਼ ਗੇਂਦਬਾਜ਼ ਨਵਦੀਪ ਸੈਣੀ ਤੇ ਟੀ20 ਮਾਹਿਰ ਵਾਸ਼ਿੰਗਟਨ ਸੁੰਦਰ ਨੂੰ ਪਹਿਲੀ ਵਾਰ ਗਰੇਡ ‘ਸੀ’ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਸ਼੍ਰੇਅਸ ਅਈਅਰ, ਦੀਪਕ ਚਾਹਰ ਤੇ ਸ਼ਾਰਦੁਲ ਠਾਕੁਰ ਵੀ ਸ਼ਾਮਲ ਹਨ।

Share this story
WRITTEN BY

BREAKING