ਜੰਮੂ-ਕਸ਼ਮੀਰ ‘ਚ 5 ਮਹੀਨੇ ਬਾਅਦ ਟੈਲੀਫੋਨ ਅਤੇ ਇੰਟਰਨੈਟ ਸੇਵਾ ਸ਼ੁਰੂ
ਸੋਸ਼ਲ ਮੀਡੀਆ ‘ਤੇ ਪਾਬੰਦੀ ਜਾਰੀ ਰਹੇਗੀ
ਸ੍ਰੀਨਗਰ – ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਮੋਬਾਈਲ ਕੰਪਨੀਆਂ ਨੂੰ ਜੰਮੂ ਡਵੀਜ਼ਨ ਦੇ ਹੁਣ ਸਾਰੇ 10 ਜ਼ਿਲ੍ਹਿਆਂ ‘ਚ 2-ਜੀ ਸਪੀਡ ਮੋਬਾਈਲ ਇੰਟਰਨੈੱਟ ਸੇਵਾ ਬਹਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹੀ ਨਹੀਂ ਕਸ਼ਮੀਰ ‘ਚ ਵੀ ਪ੍ਰੀਪੇਡ ਮੋਬਾਈਲ ਸੇਵਾ ‘ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਇਹ ਸੇਵਾ ਬਹਾਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜਲਦ ਹੀ ਜੰਮੂ ਤੇ ਕਸ਼ਮੀਰ ਦੇ ਲੋਕ ਇਨ੍ਹਾਂ ਸੇਵਾਵਾਂ ਦਾ ਫਾਇਦਾ ਚੁੱਕ ਪਾਉਣਗੇ। ਹਾਲਾਂਕਿ ਜੰਮੂ ‘ਚ ਸ਼ੁਰੂ ਹੋਣ ਵਾਲੀ ਮੋਬਾਈਲ ਇੰਟਰਨੈੱਟ ਸੇਵਾ ਦਾ ਫਾਇਦਾ ਸਿਰਫ਼ ਪੋਸਟਪੇਡ ਖਪਤਕਾਰ ਹੀ ਲੈ ਸਕਣਗੇ। ਕਸ਼ਮੀਰ ‘ਚ ਸ਼ੁਰੂ ਹੋਣ ਵਾਲੇ ਪ੍ਰੀਪੇਡ ਮੋਬਾਈਲ ਤੋਂ ਵੀ ਖਪਤਕਾਰ ਸਿਰਫ ਕਾਲਿੰਗ ਤੇ ਐਸ.ਐਮ.ਐਸ. ਹੀ ਕਰ ਸਕਣਗੇ। ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਰੋਹਿਤ ਕਾਂਸਲ ਨੇ ਸ਼ਨਿੱਚਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਦਿਆਂ ਸੂਬੇ ‘ਚ ਪ੍ਰੀਪੇਡ ਮੋਬਾਈਲ ਸੇਵਾਵਾਂ ਸ਼ੁਰੂ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ ‘ਤੇ ਲੱਗੀ ਰੋਕ ਦੀ ਸਾਵਧਾਨੀਪੂਰਨ ਸਮੀਖਿਆ ਕਰਨ ਤੋਂ ਬਾਅਦ ਸ਼ਨਿੱਚਰਵਾਰ ਨੂੰ ਪੂਰੇ ਸੂਬੇ ‘ਚ ਲੋਕਲ ਪ੍ਰੀਪੇਡ ਸਿਮ ਕਾਰਡ ‘ਤੇ ਸਾਰੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਨਾਗਰਿਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਜੰਮੂ-ਕਸ਼ਮੀਰ ਦੇ ਲਗਭਗ 80 ਫ਼ੀਸਦੀ ਸਰਕਾਰੀ ਹਸਪਤਾਲਾਂ ‘ਚ ਬਰਾਡਬੈਂਡ ਸੇਵਾਵਾਂ ਪਹਿਲਾਂ ਹੀ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਹਾਲਾਂਕਿ ਇਸ ਦਾ ਲਾਭ ਆਮ ਨਾਗਰਿਕਾਂ ਨੂੰ ਮਿਲ ਰਿਹਾ ਸੀ। ਹਸਪਤਾਲਾਂ ‘ਚ ਇਹ ਸੇਵਾ ਦਫਤਰਾਂ ਨਾਲ ਸਬੰਧਤ ਕੰਮਕਾਜ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਸੀ। ਰੋਹਿਤ ਕਾਂਸਲ ਨੇ ਦੱਸਿਆ ਕਿ ਵ੍ਹਾਈਟ ਲਿਸਟਿਡ ਵੈੱਬਸਾਈਟਾਂ ਤੱਕ ਪਹੁੰਚਣ ਲਈ ਪੋਸਟਪੇਡ ਮੋਬਾਈਲ ‘ਤੇ 2ਜੀ ਮੋਬਾਈਲ ਡਾਟਾ ਕਸ਼ਮੀਰ ਦੇ ਜੰਮੂ, ਕੁਪਵਾੜਾ ਅਤੇ ਬਾਂਦੀਪੋਰਾ ਦੇ ਸਾਰੇ 10 ਜ਼ਿਲ੍ਹਿਆਂ ‘ਚ ਚਾਲੂ ਕੀਤਾ ਜਾਵੇਗਾ। ਬਡਗਾਮ, ਗਾਂਦਰਬਲ, ਬਾਰਾਮੂਲਾ, ਸ੍ਰੀਨਗਰ, ਕੁਲਗਾਮ, ਅਨੰਤਨਾਗ, ਸ਼ੌਪੀਆਂ ਅਤੇ ਪੁਲਵਾਮਾ ‘ਚ ਮੋਬਾਈਲ ਇੰਟਰਨੈਟ ਬੰਦ ਰਹੇਗਾ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੀਤੀ 14 ਜਨਵਰੀ ਦੀ ਸ਼ਾਮ ਨੂੰ ਜੰਮੂ ਖੇਤਰ ਦੇ ਕਈ ਹਿੱਸਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾ ਨੂੰ ਬਹਾਲ ਕਰਨ ਦੀ ਮਨਜੂਰੀ ਦਿੱਤੀ ਸੀ। ਹਾਲਾਂਕਿ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਜਾਰੀ ਰਹੇਗੀ। ਇਹ ਕਦਮ ਉਦੋਂ ਚੁੱਕਿਆ ਗਿਆ, ਜਦੋਂ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਲਗਾਈਆਂ ਗਈਆਂ ਪਾਬੰਦੀਆਂ ਦੀ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਸਨ।






