ਚੀਨ ਵਿੱਚ ਵਾਇਰਸ ਕਾਰਨ 3 ਵਿਅਕਤੀਆਂ ਦੀ ਮੌਤ ਅਤੇ 140 ਬਿਮਾਰ
ਬੀਜਿੰਗ – ਚੀਨ ਵਿੱਚ ਰਹੱਸਮਈ ਸਾਰਸ ਵਰਗੇ ਵਾਇਰਸ ਦਾ ਕਹਿਰ ਵਧਣ ਨਾਲ ਹੁਣ ਤਕ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਤਕਰੀਬਨ 140 ਨਵੇਂ ਮਾਮਲੇ ਸਾਹਮਣੇ ਆਏ ਹਨ| ਕੋਰੋਨਾ ਵਾਇਰਸ ਕੀਟਾਣੂਆਂ ਦਾ ਇਕ ਵੱਡਾ ਸਮੂਹ ਹੈ ਪਰ ਇਨ੍ਹਾਂ ਵਿੱਚੋਂ ਸਿਰਫ 6 ਕੀਟਾਣੂ ਹੀ ਲੋਕਾਂ ਨੂੰ ਬੀਮਾਰ ਕਰਦੇ ਹਨ| ਇਸ ਕਾਰਨ ਜ਼ੁਕਾਮ ਹੁੰਦਾ ਹੈ ਪਰ ‘ਸਿਵੀਅਰ ਐਕਿਊਟ ਰੈਸਪਿਰੇਟਰੀ ਸਿੰਡਰੋਮ (ਸਾਰਸ) ਅਜਿਹਾ ਵਾਇਰਸ ਹੈ, ਜਿਸ ਕਾਰਨ 2002-03 ਵਿੱਚ ਚੀਨ ਅਤੇ ਹਾਂਗਕਾਂਗ ਵਿੱਚ ਤਕਰੀਬਨ 650 ਲੋਕਾਂ ਦੀ ਮੌਤ ਹੋ ਗਈ ਸੀ| ਸਥਾਨਕ ਸਿਹਤ ਵਿਭਾਗ ਨੇ ਦੱਸਿਆ ਕਿ ਹੁਣ ਤਕ 140 ਨਵੇਂ ਮਾਮਲੇ ਸਾਹਮਣੇ ਆਏ ਹਨ| ਇਸ ਕਾਰਨ ਅਮਰੀਕਾ ਵਿੱਚ ਵੀ ਯਾਤਰੀਆਂ ਦੇ ਏਅਰ ਪੋਰਟ ਛੱਡਣ ਤੋਂ ਪਹਿਲਾਂ ਸਿਹਤ ਜਾਂਚ ਕੀਤੀ ਜਾ ਰਹੀ ਹੈ| ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾ ਵਾਇਰਸ ਸੀ-ਫੂਡ ਨਾਲ ਜੁੜਿਆ ਹੈ| ਕੋਰੋਨਾ ਵਾਇਰਸ ਊਠ, ਬਿੱਲੀਆਂ, ਚਮਗਿੱਦੜਾਂ ਸਣੇ ਕਈ ਪਸ਼ੂਆਂ ਵਿੱਚ ਵੀ ਦਾਖਲ ਹੋ ਰਿਹਾ ਹੈ| ਕੋਰੋਨਾ ਵਾਇਰਸ ਦੇ ਮਰੀਜ਼ਾਂ ਵਿੱਚ ਆਮ ਤੌਰ ਤੇ ਜ਼ੁਕਾਮ, ਖਾਂਸੀ, ਗਲੇ ਦਾ ਦਰਦ, ਸਾਹ ਲੈਣ ਦੀ ਪ੍ਰੇਸ਼ਾਨੀ ਅਤੇ ਬੁਖਾਰ ਵਰਗੇ ਲੱਛਣ ਦੇਖੇ ਜਾਂਦੇ ਹਨ| ਕਈ ਮਰੀਜ਼ਾਂ ਨੂੰ ਨਿਮੋਨੀਆ ਹੋ ਜਾਂਦਾ ਹੈ ਤੇ ਫਿਰ ਇਹ ਵਿਗੜ ਜਾਂਦਾ ਹੈ|






