ਭਾਰਤ ਤੇ ਨੇਪਾਲ ਵਿਚਾਲੇ ਆਈਸੀਪੀ ਦਾ ਉਦਘਾਟਨ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਭਾਰਤ ਆਪਣੇ ਗੁਆਂਢ ਵਿਚਲੇ ਸਾਰੇ ਮਿੱਤਰ ਮੁਲਕਾਂ ਨਾਲ ਸੁਚਾਰੂ ਆਵਾਜਾਈ ਪ੍ਰਬੰਧਾਂ ਲਈ ਵਚਨਬੱਧ ਹੈ। ਉਨ੍ਹਾਂ ਇਹ ਗੱਲ ਆਪਣੇ ਨੇਪਾਲੀ ਹਮਰੁਤਬਾ ਕੇ.ਪੀ. ਸ਼ਰਮਾ ਓਲੀ ਨਾਲ ਸਰਹੱਦ ’ਤੇ ਜੋਗਬਨੀ-ਬਿਰਾਟਨਗਰ ਵਿੱਚ ਸੰਗਠਿਤ ਚੈੱਕ ਪੋਸਟ (ਆਈਸੀਪੀ) ਦਾ ਸਾਂਝੇ ਤੌਰ ’ਤੇ ਉਦਘਾਟਨ ਕਰਨ ਮੌਕੇ ਕਹੀ। ਭਾਰਤ ਦੀ ਸਹਾਇਤਾ ਨਾਲ ਬਣੀ ਇਹ ਆਈਸੀਪੀ 260 ਏਕੜ ਰਕਬੇ ਵਿੱਚ ਫੈਲੀ ਹੋਈ ਹੈ ਅਤੇ ਰੋਜ਼ਾਨਾ 500 ਟਰੱਕਾਂ ਦੀ ਸੰਭਾਲ ਦੀ ਸਮਰੱਥਾ ਰੱਖਦੀ ਹੈ। 140 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨਾਲ ਵਪਾਰ ਅਤੇ ਲੋਕਾਂ ਦੇ ਆਪਸੀ ਰਿਸ਼ਤੇ ਬਿਹਤਰ ਹੋਣਗੇ। ਇਸ ਪ੍ਰੋਜੈਕਟ ਦਾ ਉਦਘਾਟਨ ਦੋਵਾਂ ਆਗੂਆਂ ਨੇ ਸਾਂਝੇ ਤੌਰ ’ਤੇ ਵੀਡੀਓ ਲਿੰਕ ਜ਼ਰੀਏ ਕੀਤਾ। ਦੋਵਾਂ ਮੁਲਕਾਂ ਵਿਚਾਲੇ ਪਹਿਲੀ ਆਈਸੀਪੀ 2018 ਵਿੱਚ ਰਕਸੌਲ-ਬੀਰਗੰਜ ਵਿੱਚ ਬਣਾਈ ਗਈ ਸੀ। ਉਦਘਾਟਨ ਤੋਂ ਬਾਅਦ ਮੋਦੀ ਨੇ ਕਿਹਾ ਕਿ ਭਾਰਤ ਆਪਣੇ ਗੁਆਂਢੀ ਮਿੱਤਰ ਮੁਲਕਾਂ ਨਾਲ ਸੌਖੀ ਅਤੇ ਸੁਚਾਰੂ ਆਵਾਜਾਈ ਅਤੇ ਵਪਾਰ, ਸਭਿਆਚਾਰ ਤੇ ਸਿੱਖਿਆ ਜਿਹੇ ਖੇਤਰਾਂ ਵਿੱਚ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਨੇਪਾਲ ਕਈ ਸਰਹੱਦ-ਪਾਰ ਸੰਪਰਕ ਪ੍ਰੋਜੈਕਟਾਂ ਜਿਵੇਂ ਸੜਕ, ਰੇਲ ਸੇਵਾ ਆਦਿ ’ਤੇ ਕੰਮ ਕਰ ਰਹੇ ਹਨ।






