ਅਮਿਤ ਸ਼ਾਹ ਵੱਲੋਂ ਮਟਿਆਲਾ ਤੋਂ ਚੋਣ ਪ੍ਰਚਾਰ ਸ਼ੁਰੂ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਜੇ ਦੇਸ਼ ਵਿੱਚ ਝੂਠੇ ਵਾਅਦੇ ਕਰਨ ਦੀ ਮੁਕਾਬਲਾ ਕਰਵਾਇਆ ਜਾਂਦਾ ਹੈ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਹਿਲਾ ਇਨਾਮ ਮਿਲੇਗਾ।ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ‘ਆਪ’ ਨੇਤਾ ਉਨ੍ਹਾਂ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਗਏ ਜੋ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨਾਲ ਕੀਤੇ ਸਨ। ਸ੍ਰੀ ਸ਼ਾਹ ਨੇ ਕਿਹਾ ਕਿ ਜੇ ਝੂਠੇ ਵਾਅਦੇ ਕਰਨ ਦੇ ਦੇਸ਼ ਵਿਚ ਮੁਕਾਬਲਾ ਹੁੰਦਾ ਹੈ ਤਾਂ ਕੇਜਰੀਵਾਲ ਨੂੰ ਪਹਿਲਾ ਇਨਾਮ ਜ਼ਰੂਰ ਮਿਲੇਗਾ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਯਾਦ ਦਿਵਾਉਣ ਆਇਆ ਹਾਂ ਕਿ ਤੁਸੀਂ ਆਪਣੇ ਕੀਤੇ ਵਾਅਦੇ ਭੁੱਲ ਗਏ ਪਰ ਨਾ ਤਾਂ ਦਿੱਲੀ ਦੇ ਲੋਕ ਤੇ ਨਾ ਹੀ ਭਾਜਪਾ ਵਰਕਰ ਇਹ ਭੁੱਲੇ ਹਨ। ਉਹ ਇੱਥੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਦਿੱਲੀ ਦੇ ਮਟਿਆਲਾ ਹਲਕੇ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਤੁਸੀਂ ਅੰਨਾ ਹਜ਼ਾਰੇ ਦੀ ਮਦਦ ਨਾਲ ਮੁੱਖ ਮੰਤਰੀ ਬਣੇ ਪਰ ਲੋਕਪਾਲ ਲਈ ਕੋਈ ਕਾਨੂੰਨ ਨਹੀਂ ਲਿਆ ਸਕਿਆ ਅਤੇ ਜਦੋਂ ਮੋਦੀ ਇਸ ਨੂੰ ਲੈ ਕੇ ਆਏ ਤਾਂ ਤੁਸੀਂ ਇਥੇ ਇਸ ਨੂੰ ਲਾਗੂ ਨਹੀਂ ਕੀਤਾ। ਸ੍ਰੀ ਸ਼ਾਹ ਨੇ ਕਿਹਾ ਕਿ ਸਾਢੇ ਚਾਰ ਸਾਲਾਂ ਤੱਕ ਮੁੱਖ ਮੰਤਰੀ ਇਹ ਕਹਿੰਦੇ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ ਤਾਂ ਕਿ ਦਿੱਲੀ ਵਿੱਚ ਵਿਕਾਸ ਨਾ ਹੋ ਸਕੇ।






