June 11, 2026
#ਪੰਜਾਬ

ਮੁਕੰਮਲ ਹੜਤਾਲ ਕਾਰਨ ਬੈਂਕਾਂ ‘ਚ ਕੰਮ ਠੱਪ

ਰੋਪੜ – ਬੈਂਕ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਭੱਤੇ ਜੋ ਕਿ 01 ਨਵੰਬਰ2017 ਤੋਂ ਵਧਾਏ ਜਾਣੇ ਸਨ ਤੇ ਇਸ ਸਬੰਧੀ ਇੰਡੀਅਨ ਬੈਂਕ ਐਸੋਸੀਏਸ਼ਨ ਨਾਲ ਬੈਂਕ ਮੁਲਾਜ਼ਮ ਜਥੇਬੰਦੀਆਂ ਦੀ ਗੱਲ ਬਾਤ ਚੱਲ ਰਹੀ ਸੀ, ਪ੍ਰੰਤੂ ਇੰਡੀਅਨ ਬੈਂਕ ਐਸੋਸੀਏਸ਼ਨ ਦੇ ਮੁਲਾਜ਼ਮ ਮਾਰੂ ਰਵੱਈਏ ਦੇ ਚਲਦਿਆਂ ਗੱਲਬਾਤ ਕਿਸੇ ਸਿੱਟੇ ‘ਤੇ ਨਾ ਪਹੁੰਚ ਸਕਣ ਕਰਕੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਵੱਲੋਂ ਦਿੱਤੇ ਗਏ ਦੋ ਦਿਨਾਂ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਕਾਰਨ ਸਮੁੱਚੇ ਦੇਸ਼ ਅੰਦਰ ਬੈਂਕ ਮੁਲਾਜ਼ਮ ਤੇ ਅਫਸਰ ਸਾਹਿਬਾਨ ਦੋ ਦਿਨ ਲਈ ਹੜਤਾਲ ‘ਤੇ ਚਲੇ ਗਏ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਬੈਂਕ ਦੇ ਮੁਲਾਜ਼ਮ ਸਾਥੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸਕੱਤਰ ਜਨਰਲ, ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ, ਰੋਪੜ ਇਕਾਈ ਦੇ ਸਾਥੀ ਤਰਲੋਚਨ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਪ੍ਰਤੀ ਦਿਨ ਬੈਂਕ ਮੁਲਾਜ਼ਮਾਂ ਸਿਰ ਕੰਮ ਦਾ ਬੋਝ ਵਧਦਾ ਜਾ ਰਿਹਾ ਹੈ ਉਥੇ ਦਿਨ ਬਦਿਨ ਸਹੂਲਤਾਂ ਵੀ ਘਟਾਈਆਂ ਜਾ ਰਹੀਆਂ ਹਨ। ਉਨਾਂ ਵੱਲੋਂ ਆਪਣੀਆਂ ਮੰਗਾਂ ਦਾ ਜਿਕਰ ਕਰਦਿਆਂ ਦੱਸਿਆ ਗਿਆ ਕਿ ਤਨਖਾਹਾਂ ਚ 20 ਫੀਸਦੀ ਵਾਧਾ ਕਰਨਾ, ਪੰਜ ਦਿਨ ਕੰਮ ਕਰਨਾ, ਨਵੀਂ ਪੈਨਸ਼ਨ ਸਕੀਮ ਰੱਦ ਕਰਨਾ ਤੇ ਕੰਮ ਦੇ ਘੰਟਿਆਂ ਚ ਇਕਸਾਰਤਾ ਆਦਿ ਸਾਡੀਆਂ ਮੁੱਖ ਮੰਗਾਂ ਹਨ। ਅੰਤ ਵਿੱਚ ਬੁਲਾਰਿਆਂ ਨੇ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਬੈਂਕ ਹੜਤਾਲ ਨੂੰ ਸੰਜੀਦਾ ਤੌਰ ‘ਤੇ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਮਾਰਚ ਮਹੀਨੇ ਵਿੱਚ ਇਸ ਹੜਤਾਲ ਨੂੰ ਤਿੰਨ ਦਿਨ ਲਈ ਦੁਹਰਾਇਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ। ਇਸ ਮੌਕੇ ਯੂਕੋ ਬੈਂਕ ਤੋਂ ਨਿਰਮਲ ਸਿੰਘ, ਐਸਬੀਆਈ ਤੋਂ ਹਰਮੀਤ ਸਿੰਘ, ਪੀਐਨਬੀ ਤੋਂ ਅਵਤਾਰ ਸਿੰਘ ਤੇ ਮਨਮੋਹਨ ਲਾਲ, ਬੈਂਕ ਆਫ ਬੜੌਦਾ ਤੋਂ ਭੀਮ ਸਿੰਘ, ਕਾਰਪੋਰੇਸ਼ਨ ਬੈਂਕ ਤੋਂ ਦਵਿੰਦਰ ਸਿੰਘ ਤੇ ਜ਼ਿਲ੍ਹਾ ਸਕੱਤਰ ਵਰਿੰਦਰ ਕੁਮਾਰ ਜੈਨ ਆਦਿ ਹਾਜ਼ਰ ਸਨ।