May 4, 2026
#ਪੰਜਾਬ

ਹਿੰਸਾ ਪ੍ਰਭਾਵਤ ਔਰਤਾਂ ਦੀ ਸਹਾਇਤਾ ਲਈ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ‘ਸਖੀ ਸੈਂਟਰ’ ਸ਼ੁਰੂ: ਅਰੁਨਾ ਚੌਧਰੀ

ਪ੍ਰਭਾਵਤ ਔਰਤਾਂ ਨੂੰ ਡਾਕਟਰੀ, ਕਾਨੂੰਨੀ ਤੇ ਮਨੋਵਿਗਿਆਨਕ ਸਹਾਇਤਾ ਹੋਵੇਗੀ ਮੁਹੱਈਆ
ਚੰਡੀਗੜ – ਪੰਜਾਬ ਸਰਕਾਰ ਨੇ ਹਿੰਸਾ ਪ੍ਰਭਾਵਤ ਔਰਤਾਂ ਨੂੰ ਹਰ ਤਰਾਂ ਦੀ ਸਹਾਇਤਾ ਇਕ ਛੱਤ ਥੱਲੇ ਮੁਹੱਈਆ ਕਰਨ ਦੇ ਮੰਤਵ ਨਾਲ ਰਾਜ ਦੇ ਸਾਰੇ ਜ਼ਿਲਿਆਂ ਵਿੱਚ ‘ਵਨ ਸਟਾਪ ਸਖੀ ਸੈਂਟਰ’ (ਓ.ਐਸ.ਸੀ.) ਸਥਾਪਤ ਕੀਤੇ ਹਨ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਇਸ ਵਿਲੱਖਣ ਪਹਿਲ ਤਹਿਤ ਰਾਜ ਭਰ ਵਿੱਚ 22 ਸਖੀ ਸੈਂਟਰ ਸਫ਼ਲਤਾਪੂਰਵਕ ਚੱਲ ਰਹੇ ਹਨ, ਜਿਨਾਂ ਵਿੱਚ ਸਮਰਪਿਤ ਸਟਾਫ਼ ਤਾਇਨਾਤ ਕੀਤਾ ਗਿਆ ਹੈ, ਜੋ ਹਿੰਸਾ ਪ੍ਰਭਾਵਤ ਔਰਤਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ।ਇਸ ਨਿਵੇਕਲੀ ਪਹਿਲਕਦਮੀ ਬਾਰੇ ਜਾਣੂੰ ਕਰਵਾਉਂਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਹਿੰਸਾ ਪ੍ਰਭਾਵਤ ਔਰਤਾਂ ਨੂੰ ਇਕ ਛੱਤ ਥੱਲੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਜਿਨਾਂ ਵਿੱਚ ਡਾਕਟਰੀ, ਕਾਨੂੰਨੀ ਸਹੂਲਤ ਤੋਂ ਇਲਾਵਾ ਮਾਨਸਿਕ ਤੌਰ ‘ਤੇ ਸਹਾਰਾ ਦੇਣਾ ਸ਼ਾਮਲ ਹੈ, ਮੁਹੱਈਆ ਕਰਨ ਲਈ ਵਿਭਾਗ ਵੱਲੋਂ ਇਹ ਸੈਂਟਰ ਚਲਾਏ ਜਾ ਰਹੇ ਹਨ। ਇਨਾਂ ਸੈਂਟਰਾਂ ਨੂੰ ਹੈਲਪ ਲਾਈਨ ਨੰਬਰ 181 ਸਮੇਤ ਹੋਰ ਸਾਰੀਆਂ ਮੌਜੂਦਾ ਹੈਲਪ ਲਾਈਨਾਂ ਨਾਲ ਜੋੜਿਆ ਗਿਆ ਹੈ ਤਾਂ ਜੋ ਇਨਾਂ ਰਾਹੀਂ ਪ੍ਰਭਾਵਤ ਔਰਤਾਂ ‘ਸਖੀ ਸੈਂਟਰਾਂ’ ਵਿੱਚ ਪੁੱਜ ਸਕਣ।ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਹਿੰਸਾ ਪ੍ਰਭਾਵਤ ਔਰਤਾਂ ਨੂੰ ਐਫ.ਆਈ.ਆਰ. ਦਰਜ ਕਰਵਾਉਣ ਤੋਂ ਲੈ ਕੇ ਹਰ ਤਰਾਂ ਦੀ ਐਮਰਜੈਂਸੀ ਡਾਕਟਰੀ ਸਹੂਲਤ ਮੁਹੱਈਆ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਨਾਂ ਦੀ ਕਾਨੂੰਨੀ ਸਹਾਇਤਾ ਤੇ ਰਿਹਾਇਸ਼ ਦਾ ਪ੍ਰਬੰਧ ਕਰਨ ਬਾਰੇ ਕਾਊਂਸਲਿੰਗ ਵੀ ਕੀਤੀ ਜਾਂਦੀ ਹੈ। ਪੀੜਤ ਔਰਤਾਂ ਦੀ ਭਲਾਈ ਸਬੰਧੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸ੍ਰੀਮਤੀ ਚੌਧਰੀ ਨੇ ਅੱਗੇ ਕਿਹਾ ਕਿ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਔਰਤਾਂ ਦੀ ਸੁਰੱਖਿਆ ਤੇ ਸੰਭਾਲ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਕਈ ਜਾਗਰੂਕਤਾ ਪ੍ਰੋਗਰਾਮ ਚਲਾ ਰਿਹਾ ਹੈ। ਉਨਾਂ ਦੱਸਿਆ ਕਿ ‘ਸਖੀ ਸੈਂਟਰ’ ਇਨਾਂ ਵਿੱਚੋਂ ਇਕ ਹੈ, ਜਿਨਾਂ ਰਾਹੀਂ ਔਰਤਾਂ ਕਿਸੇ ਵੀ ਸਮੇਂ ਸਹਾਇਤਾ ਹਾਸਲ ਕਰ ਸਕਦੀਆਂ ਹਨ।ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨਾਂ ਸੈਂਟਰਾਂ ਵਿੱਚੋਂ ਹਰੇਕ ਵਿੱਚ 14 ਪੇਸ਼ੇਵਰ ਕਰਮਚਾਰੀ ਤਾਇਨਾਤ ਹਨ, ਜਿਨਾਂ ਵਿੱਚ ਇਕ ਕੇਂਦਰੀ ਪ੍ਰਸ਼ਾਸਕ ਤੋਂ ਇਲਾਵਾ ਦੋ ਮਨੋਵਿਗਿਆਨਕ ਤੇ ਸਮਾਜਿਕ ਕਾਊਂਸਲਰ, 2 ਕੇਸ ਵਰਕਰ, 2 ਪੈਰਾ ਮੈਡੀਕਲ ਵਰਕਰ, ਇਕ ਲੀਗਲ ਕਾਊਂਸਲਰ, ਡੇਟਾ ਐਨਾਲਿਸਟ, ਵਿੱਤ ਤੇ ਪ੍ਰਬੰਧਕੀ ਸਹਾਇਕ, ਦੋ ਬਹੁ ਮੰਤਵੀ ਹੈਲਪਰ ਅਤੇ ਦੋ ਸੁਰੱਖਿਆ ਗਾਰਡ ਸ਼ਾਮਲ ਹਨ। ਮੁਸ਼ਕਲ ਵਿੱਚ ਫਸੀ ਕੋਈ ਵੀ ਔਰਤ 181 ਨੰਬਰ ਹੈਲਪ ਲਾਈਨ ਉਤੇ ਫੋਨ ਕਰ ਸਕਦੀ ਹੈ, ਜਿਸ ਤੋਂ ਬਾਅਦ ਇਕ ਵੈਨ ਰਾਹੀਂ ਉਸ ਨੂੰ ‘ਸਖੀ ਸੈਂਟਰ’ ਲਿਆਂਦਾ ਜਾਵੇਗਾ ਅਤੇ ਲੋੜ ਪੈਣ ‘ਤੇ ਠਹਿਰ ਮੁਹੱਈਆ ਕੀਤੀ ਜਾਵੇਗੀ। ਉਸ ਨੂੰ ਲਾਜ਼ਮੀ ਵਸਤਾਂ ਵੀ ਸੈਂਟਰਾਂ ਰਾਹੀਂ ਦਿੱਤੀਆਂ ਜਾਣਗੀਆਂ।ਉਨਾਂ ਅੱਗੇ ਦੱਸਿਆ ਕਿ ਇਸ ਲਈ ਜ਼ਿਲਾ ਪੱਧਰ ਉਤੇ ਵੀ ਹੈਲਪਲਾਈਨ ਨੰਬਰ ਕਾਇਮ ਕੀਤੇ ਗਏ ਹਨ, ਜਿਨਾਂ ਵਿੱਚ ਅੰਮ੍ਰਿਤਸਰ ਦਾ 01832-545955, ਬਠਿੰਡਾ 0164-2212480, ਬਰਨਾਲਾ 01679-230181, ਫ਼ਰੀਦਕੋਟ 01639-501280, ਫਤਹਿਗੜ ਸਾਹਿਬ 84277-87115, ਫਾਜ਼ਿਲਕਾ 01638-260181, ਫ਼ਿਰੋਜ਼ਪੁਰ 01632-243068, ਗੁਰਦਾਸਪੁਰ 01874-240165, ਹੁਸ਼ਿਆਰਪੁਰ 01882-254112, ਜਲੰਧਰ 0181-2230181, ਕਪੂਰਥਲਾ 98765-02631, ਲੁਧਿਆਣਾ 0161-5020700, ਮਾਨਸਾ 01652-233100, ਮੋਗਾ 01636-224216, ਪਠਾਨਕੋਟ 0186-2230197, ਪਟਿਆਲਾ 0175-2358713, ਰੂਪਨਗਰ 01881-500070, ਐਸ.ਏ.ਐਸ. ਨਗਰ 99144-00406, ਸੰਗਰੂਰ 01672-240760, ਸ਼ਹੀਦ ਭਗਤ ਸਿੰਘ ਨਗਰ 01823-298522, ਸ੍ਰੀ ਮੁਕਤਸਰ ਸਾਹਿਬ 01633-261421 ਅਤੇ ਤਰਨ ਤਾਰਨ ਦਾ ਹੈਲਪ ਲਾਈਨ ਨੰਬਰ 01852-222181 ਹੈ।