ਸੰਘਣੀ ਧੁੰਦ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ‘ਚ 1 ਦੀ ਮੌਤ-15 ਗੰਭੀਰ ਜ਼ਖ਼ਮੀ-ਸਵਾਰੀਆਂ ਵਾਲੀ ਬੱਸ ਖੜ੍ਹੇ ਟਿੱਪਰ ‘ਚ ਵੱਜਣ ਕਾਰਨ ਪਲਟੀ
ਜਗਰਾਉਂ – ਅੱਜ ਸਵੇਰੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਸਥਿਤ ਜਗਰਾਉਂ ਦੇ ਗੁਰਦੁਆਰਾ ਬੇਗਮਪੁਰਾ ਭੋਰਾ ਸਾਹਿਬ ਨੇੜੇ ਸੰਘਣੀ ਧੁੰਦ ਕਾਰਨ ਰੇਤੇ ਨਾਲ ਭਰੇ ਖ਼ਰਾਬ ਖੜ੍ਹੇ ਟਿੱਪਰ ‘ਚ ਲੁਧਿਆਣਾ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਬੱਸ ਦੇ ਟਕਰਾਉਣ ਕਾਰਨ ਬੱਸ ਪਲਟ ਗਈ, ਜਿਸ ਕਾਰਨ ਇਕ ਵਿਅਕਤੀਆਂ ਦੀ ਮੌਤ ਅਤੇ 15 ਦੇ ਕਰੀਬ ਗੰਭੀਰ ਰੂਪ ‘ਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਹਾਦਸਾਂ ਵਾਪਰਦੇ ਹੀ ਸਵਾਰੀਆਂ ਦੀਆਂ ਚੀਕਾਂ ਸੁਣ ਕੇ ਗੁਰਦੁਆਰਾ ਬੇਗਮਪੁਰਾ ਭੋਰਾ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਬੱਸ ‘ਚੋਂ ਕੱਢ ਕੇ ਪੁਲਿਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਇੰਚਾਰਜ ਜਗਜੀਤ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚੇ। ਡਾਕਟਰਾਂ ਨੇ ਜ਼ਖ਼ਮੀਆਂ ‘ਚੋਂ ਸੱਤਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ‘ਚ ਰੈਫਰ ਕਰ ਦਿੱਤਾ ਗਿਆ, ਜਿਨ੍ਹਾਂ ‘ਚ ਰਚਨਾ ਪਤਨੀ ਅਜੈ ਕੁਮਾਰ, ਜੋਤਜੀਤ ਪੁੱਤਰ ਅਮਰਜੀਤ ਸਿੰਘ, ਅਸ਼ਰਫ ਪੁੱਤਰ ਅਤਲ ਸ਼ਰਮਾ ਅਤੇ ਅਵਿਨਾਸ਼ ਕੁਮਾਰ ਪੁੱਤਰ ਸੁਰਿੰਦਰ ਆਦਿ ਸ਼ਾਮਿਲ ਸਨ। ਘਟਨਾ ਦੌਰਾਨ ਦੇਸ਼ ਰਾਜ ਪੁੱਤਰ ਚੰਦਪਾਲ ਵਾਸੀ ਯੂ.ਪੀ ਪੈਰ ਟੁੱਟ ਗਈ ਤੇ ਅਵਿਨਾਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਦੋਵੇਂ ਲੱਤਾਂ ਟੁੱਟ ਗਈਆਂ। ਇਸ ਤੋਂ ਇਲਾਵਾ ਪਨੇਸਰ ਪੁੱਤਰ ਚੰਦ ਸੈਨਾ ਵਾਸੀ ਬਿਹਾਰ, ਪ੍ਰਮੋਦ ਪੁੱਤਰ ਨਰਰਾਓ ਵਾਸੀ ਉਤਾਰਖੰਡ, ਰਮੇਸ਼ ਕੁਮਾਰ ਪੁੱਤਰ ਪ੍ਰੇਮ ਲਾਲ ਵਾਸੀ ਫਰੀਦਕੋਟ, ਜਸਪਾਲ ਸਿੰਘ ਪੁੱਤਰ ਸਕੱਤਰ ਵਾਸੀ ਭਿਖੀ, ਹੀਰਾ ਲਾਲ ਪੁੱਤਰ ਵੈਦ ਨਾਥ ਵਾਸੀ ਯੂ. ਪੀ., ਮੁਕੇਸ਼ ਕੁਮਾਰ ਪੁੱਤਰ ਰਮੇਸ਼ਵਰ ਵਾਸੀ ਯੂ.ਪੀ., ਸ਼ਿਵਮ ਪੁੱਤਰ ਸੁੰਦਰ ਸਿੰਘ ਵਾਸੀ ਯੂ. ਪੀ., ਮੁਕੇਸ਼ ਕੁਮਾਰ ਪੁੱਤਰ ਮੋਤੀ ਲਾਲ ਵਾਸੀ ਯੂ.ਪੀ. ਤੇ ਸੰਦੀਪ ਬਾਠ ਪੁੱਤਰ ਮੁਨਾਰੀ ਲਾਲ ਆਦਿ ਜ਼ਖ਼ਮੀ ਹੋ ਗਏ। ਘਟਨਾ ਸਬੰਧੀ ਥਾਣਾ ਸਿਟੀ ਦੇ ਐਸ.ਐਚ.ਓ. ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਬੇਗਮਪੁਰਾ ਭੋਰਾ ਸਾਹਿਬ ਨਜ਼ਦੀਕ ਟਿੱਪਰ ਗਲਤ ਖੜ੍ਹਾ ਸੀ, ਉਪਰੋਂ ਧੁੰਦ ਸੰਘਣੀ ਹੋਣ ਕਾਰਨ ਲੁਧਿਆਣਾ ਤੋਂ ਆ ਰਹੀ ਬੱਸ ਖੜ੍ਹੇ ਟਿੱਪਰ ‘ਚ ਵਜਣ ਕਾਰਨ ਪਲਟ ਗਈ ਤੇ ਮੌਕੇ ਤੋਂ ਬੱਸ ਦਾ ਡਰਾਈਵਰ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਟਿੱਪਰ ‘ਤੇ ਖਿਲਾਫ਼ ਮਾਮਲਾ ਦਰਜ ਕਰਕੇ ਡਰਾਈਵਰ ਦੀ ਭਾਲ ਆਰੰਭ ਦਿੱਤੀ ਹੈ।






