ਅਯੁੱਧਿਆ ‘ਚ ਰਾਮ ਮੰਦਰ ਨਿਰਮਾਣ ਲਈ ਬਣਿਆ ਟਰੱਸਟ-ਪ੍ਰਧਾਨ ਮੰਤਰੀ ਵੱਲੋਂ ਸੰਸਦ ‘ਚ ਐਲਾਨ
ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸੁੰਨੀ ਵਕਫ਼ ਬੋਰਡ ਨੂੰ 5 ਏਕੜ ਜ਼ਮੀਨ ਦੇਣ ਨੂੰ ਮਨਜ਼ੂਰੀ
ਨਵੀਂ ਦਿੱਲੀ – ਮੋਦੀ ਕੈਬਨਿਟ ਤੋਂ ਅੱਜ ਰਾਮ ਮੰਦਰ ਟਰੱਸਟ ਨੂੰ ਮਨਜ਼ੂਰੀ ਮਿਲ ਗਈ ਹੈ। ਲੋਕ ਸਭਾ ‘ਚ ਪ੍ਰਧਾਨ ਮੰਤਰੀ ਮੋਦੀ ਨੇ ਇਸ ਦਾ ਐਲਾਨ ਕਰਦਿਆਂ ਦੱਸਿਆ ਕਿ ਟਰੱਸਟ ਦਾ ਨਅ ‘ਸ਼੍ਰੀਰਾਮ ਜਨਮ ਭੂਮੀ ਤੀਰਥ ਕਸ਼ੇਤਰ’ ਹੋਵੇਗਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਮੁਤਾਬਕ ਇਹ ਟਰੱਸਟ ਰਾਮ ਮੰਦਰ ਦੇ ਨਿਰਮਾਣ ਅਤੇ ਉਸ ਨਾਲ ਸਬੰਧਿਤ ਫ਼ੈਸਲੇ ਲਵੇਗਾ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਸੁੰਨੀ ਵਕਫ਼ ਬੋਰਡ ਨੂੰ 5 ਏਕੜ ਜ਼ਮੀਨ ਦੇਣ ‘ਤੇ ਆਪਣੀ ਸਹਿਮਤੀ ਪ੍ਰਦਾਨ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ‘ਚ ਮੁਸਲਮਾਨ, ਹਿੰਦੂ, ਈਸਾਈ, ਬੋਧੀ, ਪਾਰਸੀ ਅਤੇ ਜੈਨੀ ਸਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਹਨ। ਹਰ ਪਰਿਵਾਰ ਦੇ ਲਈ ਵਿਕਾਸ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ‘ਸਬਕਾ ਸਾਥ ਸਬਕਾ ਵਿਕਾਸ’ ਨੀਤੀ ‘ਤੇ ਚੱਲ ਰਹੀ ਹੈ ਤਾਂ ਕਿ ਹਰ ਕੋਈ ਖ਼ੁਸ਼ ਰਹੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬੀਤੇ ਸਾਲ 9 ਨਵੰਬਰ ਨੂੰ ਅਯੁੱਧਿਆ ਮਾਮਲੇ ‘ਚ ਫੈਸਲਾ ਸੁਣਾਇਆ ਸੀ। ਇਸ ਵਿੱਚ 3 ਮਹੀਨੇ ਦੇ ਅੰਦਰ ਟਰੱਸਟ ਦੇ ਗਠਨ ਦਾ ਆਦੇਸ਼ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ‘ਚ ਕਿਹਾ ਕਿ ਇਹ ਟਰੱਸਟ ਮੰਦਰ ਬਣਾਉਣ ਲਈ ਸਾਰੇ ਫੈਸਲੇ ਲੈਣ ਲਈ ਆਜ਼ਾਦ ਰਹੇਗਾ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਗਿਣਤੀ ਨੂੰ ਧਿਆਨ ‘ਚ ਰੱਖਦਿਆਂ ਸਰਕਾਰ ਨੇ ਅਯੁੱਧਿਆ ‘ਚ ਕਾਨੂੰਨ ਤਹਿਤ ਐਕੁਆਇਰ ਕੀਤੀ ਗਈ 67 ਏਕੜ ਜ਼ਮੀਨ ਨੂੰ ਨਵੇਂ ਬਣੇ ਟਰੱਸਟ ‘ਚ ਤਬਦੀਲ ਕਰਨ ਦਾ ਫੈਸਲਾ ਵੀ ਲਿਆ ਹੈ। ਲੋਕ ਸਭਾ ‘ਚ ਸੈਸ਼ਨ ਦੇ ਪੰਜਵੇਂ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਹ ਵਿਸ਼ਾ ਸ਼੍ਰੀ ਰਾਮ ਜਨਮ ਭੂਮੀ ਨਾਲ ਸਬੰਧਤ ਹੈ। ਕਰੋੜਾਂ ਦੇਸ਼ ਵਾਸੀਆਂ ਦੀ ਤਰ੍ਹਾਂ ਇਹ ਵਿਸ਼ਾ ਮੇਰੇ ਵੀ ਦਿਲ ਦੇ ਨੇੜੇ ਹੈ। ਮੈਂ ਇਸ ਵਿਸ਼ੇ ‘ਤੇ ਗੱਲ ਕਰਨ ਲਈ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਹਾਂ। ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਇੱਕ ਖੁਦਮੁਖਤਿਆਰੀ ਟਰੱਸਟ ‘ਸ਼੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ’ ਸਥਾਪਤ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ।” ਮੋਦੀ ਨੇ ਕਿਹਾ, “ਸਾਰੇ ਧਰਮਾਂ ਦੇ ਲੋਕ ਇੱਕ ਹਨ। ਪਰਿਵਾਰ ਦੇ ਮੈਂਬਰ ਸੁਖੀ ਤੇ ਖੁਸ਼ਹਾਲ ਹੋਣ ਅਤੇ ਦੇਸ਼ ਦਾ ਵਿਕਾਸ ਹੋਵੇ। ਇਸ ਲਈ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਦੇ ਮੰਤਰ ‘ਤੇ ਚੱਲ ਰਹੇ ਹਾਂ। ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਲਈ ਸਾਰੇ ਲੋਕ ਇੱਕ ਸੁਰ ‘ਚ ਆਪਣੀ ਵੋਟ ਦੇਣ।” ਸੁਪਰੀਮ ਕੋਰਟ ਦੇ ਫੈਸਲੇ ਦੇ 87 ਦਿਨ ਬਾਅਦ ਹੀ ਇਸ ਦੀ ਰੂਪ ਰੇਖਾ ਤਿਆਰ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਇਸ ਟਰੱਸਟ ‘ਚ ਮਹੰਤ ਨਰਿਤਯ ਗੋਪਾਲ ਦਾਸ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਰਾਮ ਮੰਦਰ ਇੱਕ ਤੀਰਥ ਸਥਲ ਬਣੇਗਾ। ਰਾਮ ਮੰਦਰ ਟਰੱਸਟ ‘ਚ ਦਿਗੰਬਰ ਅਖਾੜਾ, ਨਿਰਮੋਹੀ ਅਖਾੜਾ ਅਤੇ ਰਾਮਲੱਲਾ ਬਿਰਾਜਮਾਨ ਤਿੰਨਾਂ ‘ਚੋਂ ਇੱਕ-ਇੱਕ ਮੈਂਬਰ ਨੂੰ ਸ਼ਾਮਿਲ ਕੀਤਾ ਜਾਵੇਗਾ।






