ਨਿਰਭਯਾ ਕੇਸ ਵਿੱਚ ਕੇਂਦਰ ਦੀ ਅਪੀਲ ਤੇ ਸੁਪਰੀਮ ਕੋਰਟ ਵਲੋਂ ਸੁਣਵਾਈ ਭਲਕੇ
ਨਵੀਂ ਦਿੱਲੀ – ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਤੇ ਰੋਕ ਵਿਰੁੱਧ ਹੁਣ ਕੇਂਦਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ| ਕੇਂਦਰ ਨੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਅਪੀਲ ਤੇ ਤੁਰੰਤ ਸੁਣਵਾਈ ਕਰਨ ਦੀ ਅਪੀਲ ਕੀਤੀ ਹੈ| ਸੁਪਰੀਮ ਕੋਰਟ ਕੇਂਦਰ ਦੀ ਅਪੀਲ ਤੇ ਸੁਣਵਾਈ ਲਈ ਰਾਜ਼ੀ ਹੋ ਗਿਆ ਹੈ ਅਤੇ ਕੱਲ ਸੁਣਵਾਈ ਕਰੇਗਾ| ਕੇਂਦਰ ਵਲੋਂ ਪੇਸ਼ ਹੋਏ ਐਡੀਸ਼ਨਲ ਸਾਲਿਸਿਟਰ ਜਨਰਲ ਕੇ. ਐਮ. ਨਟਰਾਜ ਨੇ ਜਸਟਿਸ ਐਨ. ਵੀ. ਰਮਨਾ, ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਕ੍ਰਿਸ਼ਨ ਮੁਰਾਰੀ ਦੀ ਬੈਂਚ ਦੇ ਸਾਹਮਣੇ ਪਟੀਸ਼ਨ ਨੂੰ ਤੁਰੰਤ ਸੁਣਵਾਈ ਲਈ ਸੁਚੀਬੱਧ ਕਰਨ ਦੀ ਬੇਨਤੀ ਕੀਤੀ| ਨਟਰਾਜ ਨੇ ਕੋਰਟ ਨੂੰ ਦੱਸਿਆ ਕਿ ਜੇਲ ਪ੍ਰਸ਼ਾਸਨ ਮਾਮਲੇ ਵਿੱਚ ਦੋਸ਼ੀਆਂ ਨੂੰ ਫਾਂਸੀ ਦੇਣ ਵਿੱਚ ਅਸਮਰੱਥ ਹੈ, ਜਦਕਿ ਉਨ੍ਹਾਂ ਦੀਆਂ ਮੁੜ ਵਿਚਾਰ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਗਈਆਂ ਹਨ| ਉਨ੍ਹਾਂ ਇਹ ਵੀ ਕਿਹਾ ਕਿ ਕਿਊਰੇਟਿਵ ਪਟੀਸ਼ਨਾਂ ਅਤੇ ਉਨ੍ਹਾਂ ਵਿੱਚੋਂ 3 ਦੀਆਂ ਦਯਾ ਪਟੀਸ਼ਨਾਂ ਵੀ ਖਾਰਜ ਹੋ ਚੁੱਕੀਆਂ ਹਨ| ਜਿਕਰਯੋਗ ਹੈ ਕਿ ਹਾਈ ਕੋਰਟ ਨੇ ਕੱਲ ਚਾਰੇ ਦੋਸ਼ੀਆਂ ਨੂੰ ਵੱਖ-ਵੱਖ ਫਾਂਸੀ ਦੇਣ ਦੇ ਆਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਸੀ| ਕੋਰਟ ਨੇ ਦੋਸ਼ੀਆਂ ਨੂੰ 7 ਦਿਨ ਦਾ ਸਮਾਂ ਦਿੱਤਾ ਹੈ ਅਤੇ ਕਿਹਾ ਕਿ ਉਹ ਆਪਣੇ ਸਾਰੇ ਕਾਨੂੰਨੀ ਬਦਲਾਂ ਦਾ ਇਸਤੇਮਾਲ ਕਰ ਲੈਣ| ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਦੇ ਇਸ ਫੈਸਲੇ ਨੂੰ ਅੱਜ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ| ਹਾਲਾਂਕਿ ਸੁਪਰੀਮ ਕੋਰਟ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਤੇ ਰੋਕ ਲਾਉਣ ਦੀ ਪਟੀਸ਼ਨ 2017 ਨੂੰ ਹੀ ਖਾਰਜ ਕਰ ਚੁੱਕਾ ਹੈ| ਕੋਰਟ ਨੇ ਦਿੱਲੀ ਹਾਈ ਕੋਰਟ ਅਤੇ ਹੇਲਠੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ| ਸਾਲ 2012 ਵਿੱਚ ਵਾਪਰੇ ਇਸ ਗੰਭੀਰ ਅਪਰਾਧ ਤੋਂ ਬਾਅਦ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ| ਜਿਕਰਯੋਗ ਹੈ ਕਿ ਹੇਠਲੀ ਅਦਾਲਤ ਨੇ 31 ਜਨਵਰੀ ਨਿਰਭਯਾ ਮਾਮਲੇ ਦੇ ਦੋਸ਼ੀਆਂ- ਮੁਕੇਸ਼ ਕੁਮਾਰ, ਪਵਨ ਗੁਪਤਾ, ਵਿਨੇ ਕੁਮਾਰ ਸ਼ਰਮਾ ਅਤੇ ਅਕਸ਼ੈ ਕੁਮਾਰ ਦੀ ਫਾਂਸੀ ਤੇ ‘ਅਗਲੇ ਆਦੇਸ਼ ਤਕ ਰੋਕ’ ਲਾ ਦਿੱਤੀ ਸੀ| ਫਿਲਹਾਲ ਚਾਰੇ ਦੋਸ਼ੀਆਂ ਤਿਹਾੜ ਜੇਲ ਵਿਚ ਬੰਦ ਹਨ|






