June 15, 2026
#ਦੇਸ਼ ਦੁਨੀਆਂ

ਭਾਰਤੀ ਸਫ਼ੀਰ ਤਰਨਜੀਤ ਸੰਧੂ ਵੱਲੋਂ ਟਰੰਪ ਨਾਲ ਮੁਲਾਕਾਤ

ਅਮਰੀਕਾ ਵਿੱਚ ਨਿਯੁਕਤ ਕੀਤੇ ਗਏ ਭਾਰਤੀ ਸਫ਼ੀਰ ਤਰਨਜੀਤ ਸਿੰਘ ਸੰਧੂ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਆਪਣਾ ਸ਼ਨਾਖ਼ਤੀ ਪੱਤਰ ਸੌਂਪਿਆ ਗਿਆ। ਇਸ ਦੌਰਾਨ ਵਾਈਟ ਹਾਊਸ ਵਿੱਚ ਸ੍ਰੀ ਟਰੰਪ ਵੱਲੋਂ ਸ੍ਰੀ ਸੰਧੂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਂ ਨਿਯੁਕਤੀ ’ਚ ਸਫ਼ਲਤਾ ਲਈ ਸ਼ੁਭਕਾਮਨਵਾਂ ਦਿੱਤੀਆਂ। ਇਹ ਜਾਣਕਾਰੀ ਅੱਜ ਇੱਥੇ ਭਾਰਤੀ ਸਫ਼ਾਰਤਖਾਨੇ ਨੇ ਦਿੱਤੀ।ਭਾਰਤੀ ਵਿਦੇਸ਼ ਸੇਵਾ ਦੇ 1988 ਬੈਚ ਦੇ ਅਧਿਕਾਰੀ ਸ੍ਰੀ ਸੰਧੂ ਇਸ ਤੋਂ ਪਹਿਲਾਂ ਵੀ ਵਾਸ਼ਿੰਗਟਨ ਡੀਸੀ ਵਿੱਚ ਸਥਿਤ ਭਾਰਤੀ ਸਫ਼ਾਰਤਖਾਨੇ ’ਚ ਦੋ ਵਾਰ ਰਹਿ ਚੁੱਕੇ ਹਨ। ਉਨ੍ਹਾਂ ਦੀ ਇੱਥੇ ਪਿਛਲੀ ਆਖ਼ਰੀ ਨਿਯੁਕਤੀ ਜੁਲਾਈ 2013 ਤੋਂ ਜਨਵਰੀ 2017 ਤੱਕ ਉਪ ਸਫ਼ੀਰ ਵਜੋਂ ਸੀ। ਹਾਲ ਹੀ ਵਿੱਚ ਵਿਦੇਸ਼ ਸਕੱਤਰ ਬਣੇ ਹਰਸ਼ ਵਰਧਨ ਸ਼੍ਰਿੰਗਲਾ ਦੀ ਥਾਂ ਉਹ ਇੱਥੇ ਆਏ ਹਨ। ਸ੍ਰੀ ਸੰਧੂ ਇਸ ਤੋਂ ਪਹਿਲਾਂ ਸ੍ਰੀਲੰਕਾ ’ਚ ਭਾਰਤੀ ਹਾਈ ਕਮਿਸ਼ਨਰ ਸਨ।ਭਾਰਤੀ ਸਫ਼ਾਰਤਖਾਨੇ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਓਵਲ ਦਫ਼ਤਰ ਵਿੱਚ ਅਮਰੀਕੀ ਰਾਸ਼ਟਰਪਤੀ ਨੂੰ ਸ਼ਨਾਖ਼ਤੀ ਪੱਤਰ ਸੌਂਪਣ ਸਬੰਧੀ ਸਮਾਰੋਹ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ੍ਰੀ ਸੰਧੂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਅਮਰੀਕਾ ਵਿੱਚ ਭਾਰਤੀ ਸਫ਼ੀਰ ਵਜੋਂ ਜ਼ਿੰਮੇਵਾਰੀਆਂ ਸੰਭਾਲਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਸ੍ਰੀ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਸਤੀ ਅਤੇ ਉਨ੍ਹਾਂ ਨਾਲ ਹੋਈ ਗੱਲਬਾਤ ਨੂੰ ਚੇਤੇ ਕੀਤਾ।ਸ੍ਰੀ ਸੰਧੂ ਨੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਟਰੰਪ ਤੇ ਅਮਰੀਕਾ ਦੀ ਪ੍ਰਥਮ ਮਹਿਲਾ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੋਚ ਤੇ ਮਾਰਗਦਰਸ਼ਨ ਸਦਕਾ ਪਿਛਲੇ ਤਿੰਨ ਸਾਲਾਂ ਵਿੱਚ ਭਾਰਤ ਤੇ ਅਮਰੀਕਾ ਦੇ ਰਣਨੀਤਕ ਸਬੰਧ ਹੋਰ ਮਜ਼ਬੂਤ ਹੋਏ ਹਨ।