May 5, 2026
#ਦੇਸ਼ ਦੁਨੀਆਂ

ਪਾਕਿ ਅਦਾਲਤ ਵਲੋਂ ਹਾਫ਼ਿਜ਼ ਸਈਦ ਨੂੰ 11 ਵਰ੍ਹਿਆਂ ਦੀ ਕੈਦ

ਲਾਹੌਰ – ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਅਤੇ ਜਮਾਤ-ਉਦ-ਦਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਅੱਜ ਪਾਕਿਸਤਾਨ ਦੀ ਅਤਿਵਾਦ-ਵਿਰੋਧੀ ਅਦਾਲਤ (ਏਟੀਸੀ) ਨੇ ਦਹਿਸ਼ਤੀ ਗੁੱਟਾਂ ਨੂੰ ਵਿੱਤ ਮੁਹੱਈਆ ਕਰਾਉਣ ਦੇ ਦੋ ਕੇਸਾਂ ਵਿੱਚ 11 ਵਰ੍ਹਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ।ਦੱਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਵਲੋਂ ਅਤਿਵਾਦੀ ਐਲਾਨੇ ਗਏ ਸਈਦ ’ਤੇ ਅਮਰੀਕਾ ਨੇ ਇੱਕ ਕਰੋੜ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ। ਸਈਦ ਨੂੰ ਦਹਿਸ਼ਤੀ ਗੁੱਟਾਂ ਨੂੰ ਵਿੱਤ ਮੁਹੱਈਆ ਕਰਾਉਣ ਦੇ ਕੇਸਾਂ ਸਬੰਧੀ 17 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਉੱਚ ਸੁਰੱਖਿਆ ਹੇਠ ਲਾਹੌਰ ਦੀ ਕੋਟ ਲਖਪੱਤ ਜੇਲ੍ਹ ਵਿੱਚ ਰੱਖਿਆ ਹੋਇਆ ਹੈ। ਅਦਾਲਤ ਦੇ ਇੱਕ ਅਧਿਕਾਰੀ ਨੇ ਇਸ ਏਜੰਸੀ ਨੂੰ ਦੱਸਿਆ ਕਿ ਸਈਦ ਨੂੰ ਪੰਜਾਬ ਪੁਲੀਸ ਦੇ ਅਤਿਵਾਦ-ਵਿਰੋਧੀ ਵਿਭਾਗ ਦੀ ਅਰਜ਼ੀ ’ਤੇ ਲਾਹੌਰ ਅਤੇ ਗੁੱਜਰਾਂਵਾਲਾ ਸ਼ਹਿਰਾਂ ਵਿੱਚ ਦਰਜ ਦਹਿਸ਼ਤੀ ਗੁੱਟਾਂ ਨੂੰ ਵਿੱਤ ਮੁਹੱਈਆ ਕਰਾਉਣ ਦੇ ਕੇਸਾਂ ਵਿੱਚ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਸਈਦ ਨੂੰ ਦੋਵਾਂ ਕੇਸਾਂ ਵਿੱਚ ਸਾਢੇ ਪੰਜ-ਸਾਢੇ ਪੰਜ ਵਰ੍ਹਿਆਂ ਦੀ ਸਜ਼ਾ ਸੁਣਾਈ ਹੈ। ਦੋਵੇਂ ਸਜ਼ਾਵਾਂ ਇਕੋ-ਸਮੇਂ ਚੱਲਣਗੀਆਂ। ਲਾਹੌਰ ਦੇ ਏਟੀਸੀ ਜੱਜ ਅਰਸ਼ਦ ਹੁਸੈਨ ਭੁੱਟਾ ਵਲੋਂ ਪਿਛਲੇ ਸ਼ਨਿਚਰਵਾਰ ਸਈਦ ਖ਼ਿਲਾਫ਼ ਦਹਿਸ਼ਤੀ ਗੁੱਟਾਂ ਨੂੰ ਵਿੱਤ ਮੁਹੱਈਆ ਕਰਾਉਣ ਦੇ ਦੋ ਕੇਸਾਂ ਦਾ ਫ਼ੈਸਲਾ 11 ਫਰਵਰੀ ਤੱਕ ਰਾਖਵਾਂ ਰੱਖ ਲਿਆ ਗਿਆ ਸੀ।