ਗਾਰਗੀ ਛੇੜਛਾੜ ਮਾਮਲੇ ਵਿੱਚ ਕੋਰਟ ਵਲੋਂ ਸੀ.ਬੀ.ਆਈ. ਜਾਂਚ ਦੀ ਮੰਗ ਵਾਲੀ ਪਟੀਸ਼ਨ ਖਾਰਜ
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਗਾਰਗੀ ਮਹਿਲਾ ਕਾਲਜ ਵਿੱਚ ਸੰਸਕ੍ਰਿਤੀ ਉਤਸਵ ਦੌਰਾਨ ਵਿਦਿਆਰਥਣਾਂ ਨਾਲ ਛੇੜਛਾੜ ਦੇ ਮਾਮਲੇ ਵਿੱਚ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਵਾਲੀ ਪਟੀਸ਼ਨ ਤੇ ਸੁਣਵਾਈ ਤੋਂ ਅੱਜ ਇਨਕਾਰ ਕਰ ਦਿੱਤਾ| ਚੀਫ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੀ ਬੈਂਚ ਨੇ ਪਟੀਸ਼ਨਕਰਤਾ ਵਕੀਲ ਐਮ.ਐਲ. ਸ਼ਰਮਾ ਨੂੰ ਹਾਈ ਕੋਰਟ ਜਾਣ ਲਈ ਕਿਹਾ| ਸ਼ਰਮਾ ਮਾਮਲੇ ਦੀ ਤੁਰੰਤ ਸੁਣਵਾਈ ਦੀ ਮੰਗ ਕਰ ਰਹੇ ਸਨ|ਬੈਂਚ ਵਿੱਚ ਜੱਜ ਬੀ.ਆਰ. ਗਵਈ ਅਤੇ ਜੱਜ ਸੂਰੀਆਕਾਂਤ ਵੀ ਸ਼ਾਮਲ ਹਨ| ਸ਼ਰਮਾ ਨੂੰ ਬੈਂਚ ਨੇ ਕਿਹਾ,”ਤੁਸੀਂ ਦਿੱਲੀ ਹਾਈ ਕੋਰਟ ਕਿਉਂ ਨਹੀਂ ਜਾਂਦੇ| ਜੇਕਰ ਉਹ ਪਟੀਸ਼ਨ ਤੇ ਸੁਣਵਾਈ ਤੋਂ ਇਨਕਾਰ ਕਰ ਦੇਣ, ਉਦੋਂ ਇੱਥੇ ਆਓ|” ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਸ ਮਾਮਲੇ ਤੇ ਦਿੱਲੀ ਹਾਈ ਕੋਰਟ ਦਾ ਰੁਖ ਜਾਣਨਾ ਚਾਹੁੰਦੇ ਹਨ| ਸ਼ਰਮਾ ਨੇ ਮਾਮਲੇ ਨਾਲ ਜੁੜੇ ਇਲੈਕਟ੍ਰਾਨਿਕ ਸਬੂਤਾਂ ਨੂੰ ਨਸ਼ਟ ਕੀਤੇ ਜਾਣ ਦਾ ਸ਼ੱਕ ਜ਼ਾਹਰ ਕੀਤਾ ਸੀ| ਇਸ ਤੇ ਸੁਪਰੀਮ ਕੋਰਟ ਨੇ ਕਿਹਾ,”ਦਿੱਲੀ ਹਾਈ ਕੋਰਟ ਇਸ ਤੇ ਤੇਲੰਗਾਨਾ ਹਾਈ ਕੋਰਟ ਵਰਗਾ ਫੈਸਲਾ ਦੇ ਸਕਦਾ ਹੈ, ਜਿਸ ਵਿੱਚ ਉਸ ਨੇ ਪੁਲੀਸ ਮੁਕਾਬਲੇ ਮਾਮਲੇ ਦੇ ਇਲੈਕਟ੍ਰਾਨਿਕ ਸਬੂਤ ਨੂੰ ਸੁਰੱਖਿਅਤ ਰੱਖਣ ਲਈ ਕਿਹਾ ਸੀ|”






