ਕੈਬਨਿਟ ਮੰਤਰੀ ਵੱਲੋਂ ਖੇਡਾਂ ਲਈ 11 ਲੱਖ ਰੁਪਏ ਦੇਣ ਦਾ ਐਲਾਨ
ਅੰਮ੍ਰਿਤਸਰ – ਸ਼ਹਿਰ ਦੇ ਪ੍ਰਸਿੱਧ ਕਾਲਜ ਡੀ ਏ ਵੀ ਦੀ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਬਹੁੱਤ ਵੱਡੀ ਦੇਣ ਹੈ। ਇਸ ਕਾਲਜ ਤੋਂ ਕਈ ਅੰਤਰਰਾਸ਼ਟਰੀ ਖਿਡਾਰੀ ਪੈਦਾ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਡੀ ਏ ਵੀ ਕਾਲਜ ਦੇ ਸ਼ਾਸ਼ਤਰੀ ਨਗਰ ਵਿਖੇ ਸਥਿੱਤ ਸਪੋਰਟਸ ਕੰਪਲੈਕਸ ਵਿਚ ਆਯੋਜਿਤ 2 ਦਿਨੀ 65ਵੀਆਂ ਸਪੋਰਟਸ ਤੇ ਅਥਲੈਟਿਕਸ ਮੀਟਸ ਸਮੇਂ ਕੀਤਾ। ਸ੍ਰੀ ਸੋਨੀ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋ ਪੁੱਜੇ ਅਤੇ ਖਿਡਾਰੀਆਂ ਵੱਲੋਂ ਕੱਢੇ ਗਏ ਮਾਰਚ ਪਾਸਟ ਤੋਂ ਸਲਾਮੀ ਵੀ ਲਈ। ਸ੍ਰੀ ਸੋਨੀ ਨੇ ਕਿਹਾ ਕਿ ਖੇਡਾਂ ਦੇ ਨਾਲ ਹੀ ਵਿਦਿਆਰਥੀਆਂ ਦਾ ਵਿਕਾਸ ਹੁੰਦਾ ਹੈ ਅਤੇ ਉਹ ਨਸ਼ੇ ਵਰਗੀਆਂ ਬੁਰਾਈਆਂ ਤੋਂ ਦੂਰ ਰਹਿੰਦੇ ਹਨ। ਉਨਾ ਨੇ ਕਾਲਜ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਇਸ ਤਰਾਂ ਦੀਆਂ ਖੇਡਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਮਿਲੇ। ਉਨਾਂ ਕਿਹਾ ਕਿ ਖੇਡਾਂ ਨਾਲ ਹੀ ਵਿਦਿਆਰਥੀ ਮਾਨਸਿਕ ਤੌਰ ਤੇ ਤੰਦਰੁਸਤ ਹੋ ਕੇ ਸਿੱਖਿਆ ਨੂੰ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਪਹਿਲਾਂ ਸ੍ਰੀ ਸੋਨੀ ਵਲੋਂ ਕਾਲਜ ਦੀ ਖੇਡ ਮੈਦਾਨ ਵਿਖੇ ਮੇਜਰ ਧਿਆਨਚੰਦ ਬਲਾਕ ਦਾ ਉਦਘਾਟਨ ਕੀਤਾ ਗਿਆ। ਉਨਾਂ ਦੱਸਿਆ ਕਿ ਇਨਾਂ ਖੇਡਾਂ ਵਿੱਚ ਕਾਲਜ ਦੇ 500 ਵਿਦਿਆਰਥੀਆਂ ਵਲੋਂ ਵੱਖ ਵੱਖ ਖੇਡਾਂ ਵਿਚ ਭਾਗ ਲਿਆ ਗਿਆ ਹੈ ਅਤੇ ਵਧੀਆ ਖੇਡਣ ਵਾਲੇ 114 ਖਿਡਾਰੀਆਂ ਨੂੰ ਸਨਮਾਨਤ ਵੀ ਕੀਤਾ ਗਿਆ ਹੈ। ਸ੍ਰੀ ਸੋਨੀ ਵਲੋਂ ਕਾਲਜ ਨੂੰ ਖੇਡਾਂ ਦੇ ਸਾਮਾਨ ਲਈ 11 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਕਾਲਜ ਦੀ ਵਿਦਿਆਰਥਣਾਂ ਵਲੋਂ ਕਰਾਟੇ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਕਾਲਜ ਦੇ ਖੇਡ ਵਿਭਾਗ ਦੇ ਸਕੱਤਰ ਬੀ ਬੀ ਯਾਦਵ ਨੇ ਖੇਡਾਂ ਦੀ ਸਲਾਨਾਂ ਰਿਪੋਰਟ ਪੜੀ ਅਤੇ ਸਾਲ ਭਰ ਕਾਲਜ ਦੇ ਖਿਡਾਰੀਆਂ ਦੇ ਪ੍ਰਾਪਤੀਆਂ ਬਾਰੇ ਦੱਸਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ੍ਰੀ ਰਾਜੇਸ਼ ਕੁਮਾਰ ਨੇ ਸ੍ਰੀ ਸੋਨੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਵੀ ਕੀਤਾ। ਕਾਲਜ ਦੇ ਪ੍ਰਿੰਸੀਪਲ ਸ੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਨਾਂ ਖੇਡਾਂ ਦੌਰਾਨ ਸ਼ਾਟ ਪੁੱਟ, ਹਾਈ ਜੰਪ, ਲੜਕੇ ਅਤੇ ਲੜਕੀਆਂ ਦੀਆਂ ਦੌੜਾਂ ਆਦਿ ਖੇਡਾਂ ਵਿਚ ਵਿਦਿਆਰਥੀਆਂ ਵਲੋਂ ਵੱਧ ਚੜ ਕੇ ਭਾਗ ਲਿਆ ਗਿਆ ਹੈ। ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ ਹਨ। ਇਸ ਮੌਕੇ ਡਾ. ਲਖਨਪਾਲ, ਡਾ. ਦਰਸ਼ਨਦੀਪ ਅਰੋੜਾ, ਡਾ. ਅਰਵਿੰਦ, ਡਾ. ਮੀਰਾ ਸ਼ਰਮਾ, ਪ੍ਰੋ: ਵਾਲੀਆ, ਪ੍ਰੋ: ਮੀਨੂ ਅਗਰਵਾਲ, ਰਜਿਸਟਰਾਰ ਜੀ ਐਸ ਸਿੱਧੂ, ਕੌਂਸਲਰ ਵਿਕਾਸ ਸੋਨੀ, ਸ੍ਰੀ ਪਰਮਜੀਤ ਚੋਪੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਕਾਲਜ ਦੇ ਸਟਾਫ ਹਾਜ਼ਰ ਸਨ।






