May 5, 2026
#ਪ੍ਰਮੁੱਖ ਖ਼ਬਰਾਂ #ਭਾਰਤ

ਕਰੋਨਾਵਾਇਰਸ ਦਾ ਭਾਰਤੀ ਅਰਥਚਾਰੇ ’ਤੇ ਸੀਮਤ ਅਸਰ ਪਵੇਗਾ: ਸ਼ਕਤੀਕਾਂਤ

ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਹੈ ਕਿ ਕਰੋਨਾਵਾਇਰਸ ਦਾ ਭਾਰਤੀ ਅਰਥਚਾਰੇ ’ਤੇ ਸੀਮਤ ਅਸਰ ਪਵੇਗਾ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਚੀਨੀ ਅਰਥਚਾਰੇ ਦੇ ਵੱਡ ਆਕਾਰੀ ਹੋਣ ਕਰਕੇ ਆਲਮੀ ਪੱਧਰ ’ਤੇ ਜੀਡੀਪੀ ਅਤੇ ਵਪਾਰ ਉਪਰ ਜ਼ਰੂਰ ਜ਼ਿਆਦਾ ਅਸਰ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ’ਚ ਕੁਝ ਕੁ ਸੈਕਟਰਾਂ ’ਚ ਖੜੋਤ ਆ ਸਕਦੀ ਹੈ ਅਤੇ ਅਜਿਹੇ ਮਸਲਿਆਂ ਨਾਲ ਸਿੱਝਣ ਦੇ ਰਾਹ ਲੱਭੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਖ਼ਤਰਨਾਕ ਵਾਇਰਸ ਕਾਰਨ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਅਰਥਚਾਰੇ ਚੀਨ ਦੇ ਵੱਡੇ ਹਿੱਸੇ ’ਚ ਜੀਵਨ ਰੁਕ ਗਿਆ ਹੈ ਅਤੇ ਇਸ ਦਾ ਅਸਰ ਆਲਮੀ ਸਨਅਤਾਂ ’ਤੇ ਮਹਿਸੂਸ ਕੀਤਾ ਜਾ ਰਿਹਾ ਹੈ। ਸ੍ਰੀ ਦਾਸ ਨੇ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਦੱਸਿਆ ਕਿ ਭਾਰਤ ਦੇ ਫਾਰਮਾਸਿਊਟੀਕਲ ਅਤੇ ਇਲੈਕਟ੍ਰਾਨਿਕਸ ਸੈਕਟਰ ਚੀਨ ’ਤੇ ਨਿਰਭਰ ਹਨ ਅਤੇ ਉਨ੍ਹਾਂ ’ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਮੁੱਦੇ ’ਤੇ ਸਾਰਿਆਂ ਨੂੰ ਗੰਭੀਰਤਾ ਨਾਲ ਸਿੱਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮੁਸ਼ਕਲ 2003 ’ਚ ਵੀ ਆਈ ਸੀ ਜਦੋਂ ਸਾਹ ਲੈਣ ’ਚ ਦਿੱਕਤ ਵਾਲੀ ਮਹਾਮਾਰੀ (ਸਾਰਸ) ਫੈਲੀ ਸੀ ਅਤੇ ਉਸ ਵੇਲੇ ਚੀਨੀ ਅਰਥਚਾਰੇ ’ਚ ਕਰੀਬ ਇਕ ਫ਼ੀਸਦੀ ਦਾ ਨਿਘਾਰ ਆਇਆ ਸੀ।