May 1, 2026
#ਪੰਜਾਬ #ਪ੍ਰਮੁੱਖ ਖ਼ਬਰਾਂ

ਮੁੱਖ ਮੰਤਰੀ ਵੱਲੋਂ ਪੰਜਾਬ ਦੀਆਂ ਜੇਲਾਂ ਵਿੱਚ ਵੱਡੇ ਸੁਧਾਰ ਲਿਆਉਣ ਲਈ ਹਰੀ ਝੰਡੀ

ਸੀ.ਸੀ.ਟੀ.ਵੀ. ਕੈਮਰੇ, ਕਰੰਟ ਵਾਲੀ ਤਾਰ ਲਾਉਣ ਅਤੇ ਵੱਖਰੇ ਖੁਫੀਆ ਵਿੰਗ ਸਮੇਤ ਕਈ ਫੈਸਲੇ ਲਾਗੂ ਕਰਨ ਦੀ ਪ੍ਰਵਾਨਗੀ

ਚੰਡੀਗੜ – ਸੂਬੇ ਦੇ ਜੇਲ ਪ੍ਰਸ਼ਾਸਨ ਵਿੱਚ ਵੱਡੇ ਸੁਧਾਰਾਂ ਲਈ ਰਾਹ ਪੱਧਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੀ.ਸੀ.ਟੀ.ਵੀ. ਪ੍ਰਣਾਲੀ, ਕਰੰਟ ਵਾਲੀ ਤਾਰ ਲਾਉਣ ਅਤੇ ਵੱਖਰਾ ਜੇਲ ਖੁਫੀਆ ਵਿੰਗ ਸਿਰਜਣ ਸਮੇਤ ਕਈ ਪ੍ਰਸਤਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਤਾਂ ਕਿ ਜੇਲਾਂ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਇੱਥੋਂ ਤੱਕ ਕਿ ਉਨਾਂ ਨੇ ਚੱਲ ਰਹੇ ਬਜਟ ਇਜਲਾਸ ਦੌਰਾਨ ਪੰਜਾਬ ਜੇਲ ਵਿਕਾਸ ਬੋਰਡ’ ਦੀ ਸਥਾਪਨਾ ਕਰਨ ਲਈ ਬਿੱਲ ਲਿਆਉਣ ਦੀ ਵੀ ਹਰੀ ਝੰਡੀ ਦੇ ਦਿੱਤੀ।ਕੈਪਟਨ ਅਮਰਿੰਦਰ ਸਿੰਘ ਨੇ 9 ਕੇਂਦਰੀ ਜੇਲਾਂ, 7 ਜ਼ਿਲਾ ਜੇਲਾਂ ਅਤੇ 2 ਸਪੈਸ਼ਲ ਜੇਲਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਸੀ.ਸੀ.ਟੀ.ਵੀ. ਸਿਸਟਮ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਇਸੇ ਦੌਰਾਨ ਉਨਾਂ ਨੇ ਜੇਲਾਂ ਦੀ ਬਾਹਰੀ ਚਾਰਦੀਵਾਰੀ ‘ਤੇ ਕਰੰਟ ਵਾਲੀ ਤਾਰ (220/440 ਵੋਲਟ) ਲਾਉਣ ਲਈ ਜੇਲ ਵਿਭਾਗ ਦੇ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ।ਜੇਲ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਖਿਆ ਕਿ ਸੂਬੇ ਦੀਆਂ ਜੇਲਾਂ ਵਿੱਚ ਜੇਲ ਪ੍ਰਸ਼ਾਸਨ ਦੇ ਬਿਹਤਰ ਅਮਲਾਂ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਨੇ ਜੇਲ ਵਿਭਾਗ ਨੂੰ ਜੇਲਾਂ ਦੇ ਪੁਨਰਢਾਂਚੇ ਲਈ ਵਿਆਪਕ ਯੋਜਨਾ ਚਾਰ ਹਫ਼ਤਿਆਂ ਵਿੱਚ ਸੌਂਪਣ ਦੇ ਹੁਕਮ ਦਿੱਤੇ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਏ.ਡੀ.ਜੀ.ਪੀ. ਜੇਲਾਂ ਪ੍ਰਵੀਨ ਕੁਮਾਰ ਸਿਨਹਾ ਨੂੰ ਪੁਨਰਢਾਂਚੇ ਲਈ ਯੋਜਨਾ ਤਿਆਰ ਕਰਨ ਅਤੇ ਕੈਦੀਆਂ ਦੇ ਸੁਧਾਰਾਂ ਲਈ ਲੋੜੀਂਦੇ ਕਦਮ ਚੁੱਕਣ ਵਾਸਤੇ ਨਵੀਆਂ ਸਕੀਮਾਂ ਦੀ ਸ਼ੁਰੂਆਤ ਕਰਨ ਲਈ ਆਖਿਆ।ਅਦਾਲਤਾਂ ਵਿੱਚ ਸੁਣਵਾਈ ਅਧੀਨ ਕੈਦੀਆਂ ਨੂੰ ਪੇਸ਼ ਕਰਨ ਦਾ ਖਰਚਾ (ਪ੍ਰਤੀ ਦਿਨ 40-50 ਲੱਖ ਰੁਪਏ) ਘਟਾਉਣ ਲਈ ਮੁੱਖ ਮੰਤਰੀ ਨੇ ਸੂਬੇ ਦੀਆਂ ਸਾਰੀਆਂ ਜੇਲਾਂ ਵਿੱਚ ਵੀਡੀਓ ਕਾਨਫਰੰਸਿੰਗ ਸਿਸਟਮ ਸਥਾਪਤ ਕਰਨ ਲਈ ਵਿਭਾਗ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ।ਜੇਲਾਂ ਵਿੱਚ ਲੋੜੀਂਦੇ ਸਟਾਫ ਰਾਹੀਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਾਇਮ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਆਫੀਸਰਜ਼ ਕਮੇਟੀ ਅਤੇ ਮੰਤਰੀ ਮੰਡਲ ਵੱਲੋਂ ਪਹਿਲਾਂ ਹੀ ਮਨਜ਼ੂਰੀ ਕੀਤੀਆਂ ਜਾ ਚੁੱਕੀਆਂ ਵਾਰਡਰਾਂ ਦੀਆਂ 305 ਅਸਾਮੀਆਂ ਭਰਨ ਤੋਂ ਇਲਾਵਾ ਵਿਭਾਗ ਵਿੱਚ ਵਾਰਡਰਾਂ ਦੀਆਂ ਹੋਰ 448 ਅਸਾਮੀਆਂ ਅਤੇ ਮੈਟਰਨਾਂ ਦੀਆਂ 28 ਅਸਾਮੀਆਂ ਭਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਉਨਾਂ ਨੇ ਵਿਭਾਗ ਨੂੰ ਇਨਾਂ ਅਸਾਮੀਆਂ ਨੂੰ ਛੇਤੀ ਭਰਨ ਲਈ ਪ੍ਰਸਤਾਵ ਸੌਂਪਣ ਲਈ ਆਖਿਆ। ਉਨਾਂ ਨੇ ਜੇਲਾਂ ਵਿੱਚ ਗਸ਼ਤ ਵਧਾਉਣ ਲਈ ਵਿਭਾਗ ਵੱਲੋਂ 37 ਹੋਰ ਵਾਹਨਾਂ ਦੀ ਕੀਤੀ ਮੰਗ ਨੂੰ ਪ੍ਰਵਾਨ ਕਰ ਲਿਆ।ਕੇਂਦਰੀ ਜੇਲ, ਲੁਧਿਆਣਾ ਵਿਖੇ ਸੁਰੱਖਿਆ ਵਧਾਉਣ ਲਈ ਮੁੱਖ ਮੰਤਰੀ ਨੇ ਦੋਹਰੀ ਕੰਡਿਆਲੀ ਤਾਰ ਦੀ ਅੰਦਰੂਨੀ ਚਾਰਦੀਵਾਰੀ ਅਤੇ ਤਿੰਨ ਹੋਰ ਨਿਗਰਾਨ ਟਾਵਰਾਂ ਦੀ ਉਸਾਰੀ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਪਟਿਆਲਾ ਕੇਂਦਰੀ ਜੇਲ ਦੀ ਬਾਹਰੀ ਚਾਰਦੀਵਾਰੀ ਨੂੰ ਤਬਦੀਲ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ, ਜੋ ਇਸ ਸਮੇਂ ਖ਼ਸਤਾ ਹਾਲਤ ਵਿੱਚ ਹੈ।ਮੁੱਖ ਮੰਤਰੀ ਨੇ ਜੇਲ ਵਿਭਾਗ ਨੂੰ ਕੈਦੀਆਂ ਲਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਵਿਸ਼ੇਸ਼ ਪ੍ਰਾਈਵੇਟ ਹਸਪਤਾਲਾਂ ਵਿੱਚ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾਉਣ ਹਿੱਤ ਨਵੀਆਂ ਵਿਧੀਆਂ ਤਲਾਸ਼ਣ ਲਈ ਵੀ ਕਿਹਾ। ਇਸ ਮੌਕੇ ਤੇਲੰਗਾਨਾ ਦੇ ਸਾਬਕਾ ਡੀ.ਜੀ.ਪੀ (ਜੇਲਾਂ) ਅਤੇ ਤੇਲੰਗਾਨਾ ਰਾਜ ਪੁਲਿਸ ਅਕੈਡਮੀ ਦੇ ਮੌਜੂਦਾ ਡਾਇਰੈਕਟਰ ਵਿਨੋਏ ਕੁਮਾਰ ਸਿੰਘ ਅਤੇ ਆਈ.ਆਈ.ਐਮ. ਰੋਹਤਕ ਦੇ ਡਾਇਰੈਕਟਰ ਧੀਰਜ ਸ਼ਰਮਾ ਨੇ ਜੇਲਾਂ ਵਿੱਚ ਆਧੁਨਿਕੀਕਰਨ ਅਤੇ ਸੁਧਾਰ ਲਿਆਉਣ ਬਾਰੇ ਵਿਸਥਾਰਤ ਪੇਸ਼ਕਾਰੀਆਂ ਦਿੱਤੀਆਂ।ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ (ਗ੍ਰਹਿ) ਸਤੀਸ਼ ਚੰਦਰਾ, ਡੀ.ਜੀ.ਪੀ ਦਿਨਕਰ ਗੁਪਤਾ, ਏ.ਡੀ.ਜੀ.ਪੀ ਪ੍ਰਸ਼ਾਸਨ ਗੌਰਵ ਯਾਦਵ, ਏ.ਡੀ.ਜੀ.ਪੀ ਕਾਨੂੰਨ ਤੇ ਵਿਵਸਥਾ ਈਸ਼ਵਰ ਸਿੰਘ, ਏ.ਡੀ.ਜੀ.ਪੀ ਇੰਟੈਲੀਜੈਂਸ ਵਰਿੰਦਰ ਕੁਮਾਰ, ਵਧੀਕ ਮੁੱਖ ਸਕੱਤਰ (ਸਥਾਨਕ ਸਰਕਾਰਾਂ) ਸੰਜੇ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਜੇਲਾਂ ਆਰ. ਵੈਂਕਟਰਤਨਮ, ਪ੍ਰਮੁੱਖ ਸਕੱਤਰ (ਲੋਕ ਨਿਰਮਾਣ) ਵਿਕਾਸ ਪ੍ਰਤਾਪ, ਸਕੱਤਰ (ਖਰਚਾ ) ਵਿਜੇ ਜ਼ਾਦੇ, ਆਈ.ਜੀ (ਜੇਲਾਂ) ਆਰ ਕੇ ਅਰੋੜਾ ਅਤੇ ਡੀ.ਆਈ.ਜੀ ਜੇਲਾਂ ਲਖਵਿੰਦਰ ਸਿੰਘ ਜਾਖੜ ਸ਼ਾਮਲ ਸਨ।