Skip to content

ਟੀ-20 ਵਿਸ਼ਵ ਕੱਪ: ਭਾਰਤੀ ਮਹਿਲਾ ਟੀਮ ਵੱਲੋਂ ਜੇਤੂ ਸ਼ੁਰੂਆਤ

Share this story

ਸਿਡਨੀ – ਪੂਨਮ ਯਾਦਵ ਅਤੇ ਸ਼ਿਖਾ ਪਾਂਡੇ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਘੱਟ ਸਕੋਰ ਵਾਲੇ ਮੈਚ ਵਿੱਚ ਮੇਜ਼ਬਾਨ ਆਸਟਰੇਲੀਆ ਨੂੰ 17 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਜਿੱਤ ਨਾਲ ਆਗਾਜ਼ ਕੀਤਾ। ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਭਾਰਤੀ ਟੀਮ ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਚਾਰ ਵਿਕਟਾਂ ’ਤੇ 132 ਦੌੜਾਂ ਹੀ ਬਣਾ ਸਕੀ, ਪਰ ਲੈੱਗ ਸਪਿੰਨਰ ਪੂਨਮ ਯਾਦਵ (19 ਦੌੜਾਂ ਦੇ ਕੇ ਚਾਰ ਵਿਕਟਾਂ) ਅਤੇ ਮੱਧਮ ਰਫ਼ਤਾਰ ਦੀ ਗੇਂਦਬਾਜ਼ ਸ਼ਿਖਾ ਪਾਂਡੇ (14 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਭਾਰਤੀ ਟੀਮ ਨੂੰ ਬਿਹਤਰੀਨ ਵਾਪਸੀ ਦਿਵਾਈ ਅਤੇ ਆਸਟਰੇਲੀਆ ਨੂੰ 19.5 ਓਵਰਾਂ ਵਿੱਚ 115 ਦੌੜਾਂ ’ਤੇ ਆਊਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਭਾਰਤੀ ਗੇਂਦਬਾਜ਼ਾਂ ਦਾ ਦਬਦਬਾ ਏਨਾ ਜ਼ਿਆਦਾ ਸੀ ਕਿ ਮੇਜ਼ਬਾਨ ਟੀਮ ਲਈ ਸਿਰਫ਼ ਦੋ ਬੱਲੇਬਾਜ਼ ਹੀ ਦਹਾਈ ਅੰਕ ਤੱਕ ਪਹੁੰਚ ਸਕੇ। ਸਲਾਮੀ ਬੱਲੇਬਾਜ਼ ਐਲਿਸਾ ਹੀਲੀ ਨੇ 35 ਗੇਂਦਾਂ ਵਿੱਚ ਛੇ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 51 ਦੌੜਾਂ ਦੀ ਪਾਰੀ ਖੇਡੀ, ਜਦਕਿ ਐਸ਼ਲੇ ਗਾਰਡਨਰ ਨੇ 36 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਇੱਕ ਛੱਕੇ ਨਾਲ 34 ਦੌੜਾਂ ਬਣਾਈਆਂ। ਪੂਨਮ ਯਾਦਵ ਨੇ ਆਪਣੀ ਫ਼ਿਰਕੀ ਦਾ ਜਾਦੂ ਚਲਾਉਂਦਿਆਂ ਹੀਲੀ ਤੋਂ ਇਲਾਵਾ ਰਸ਼ੇਲ ਹਾਇਨਸ (ਛੇ ਦੌੜਾਂ), ਅਲਿਸਾ ਪੈਰੀ (ਸਿਫ਼ਰ) ਅਤੇ ਜੈੱਸ ਜੋਨਾਸਨ (ਦੋ ਦੌੜਾਂ) ਦੀਆਂ ਵਿਕਟਾਂ ਝਟਕਾਈਆਂ। ਇਸੇ ਤਰ੍ਹਾਂ ਸ਼ਿਖਾ ਪਾਂਡੇ ਨੇ ਬੈੱਥ ਮੂਨੀ, ਐਸ਼ਲੇ ਗਾਰਡਨਰ ਅਤੇ ਐਨਾਬੇਲ ਸਦਰਲੈਂਡ ਨੂੰ ਆਊਟ ਕੀਤਾ। ਰਾਜੇਸ਼ਵਰੀ ਗਾਇਕਵਾੜ ਨੂੰ ਵੀ ਇੱਕ ਵਿਕਟ ਮਿਲੀ। ਭਾਰਤੀ ਫੀਲਡਰਾਂ ਨੇ ਅਖ਼ੀਰ ਵਿੱਚ ਦੋ ਬੱਲੇਬਾਜ਼ਾਂ ਨੂੰ ਰਨ ਆਊਟ ਕੀਤਾ ਅਤੇ ਆਸਟਰੇਲਿਆਈ ਪਾਰੀ ਨੂੰ ਖ਼ਤਮ ਕੀਤਾ। ਇਸ ਤੋਂ ਪਹਿਲਾਂ 16 ਸਾਲ ਦੀ ਸ਼ੈਫਾਲੀ ਵਰਮਾ ਨੇ ਭਾਰਤ ਨੂੰ ਚਾਰ ਓਵਰਾਂ ਤੱਕ ਬਿਨਾਂ ਵਿਕਟ ਗੁਆਏ 41 ਦੌੜਾਂ ’ਤੇ ਪਹੁੰਚਾ ਦਿੱਤਾ। ਉਸਨੇ 15 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 29 ਦੌੜਾਂ ਬਣਾਈਆਂ। ਸ਼ੈਫਾਲੀ ਦੇ ਆਊਟ ਹੋਣ ਮਗਰੋਂ ਭਾਰਤੀ ਬੱਲੇਬਾਜ਼ੀ ਦੀ ਲੈਅ ਵਿਗੜ ਗਈ ਅਤੇ ਬਾਕੀ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਦੀਪਤੀ ਸ਼ਰਮਾ ਨੇ 46 ਗੇਂਦਾਂ ਵਿੱਚ ਨਾਬਾਦ 49 ਦੌੜਾਂ ਦੀ ਪਾਰੀ ਖੇਡੀ, ਪਰ ਅਖ਼ੀਰ ਵਿੱਚ ਭਾਰਤ ਨੂੰ ਹਮਲਾਵਰ ਹੋ ਕੇ ਖੇਡਣ ਦੀ ਲੋੜ ਸੀ, ਜਿਸ ਦੀ ਘਾਟ ਦਿਸੀ।

Share this story
WRITTEN BY

BREAKING