May 5, 2026
#ਪੰਜਾਬ

ਬਾਘਾਪੁਰਾਣਾ ਦੇ ਚੌਂਕ ‘ਚ ਨਾਜਾਇਜ਼ ਉਸਾਰੀਆਂ ਦੁਕਾਨਾਂ ਨੂੰ ਲੈ ਕੇ ਚੱਲ ਰਹੇ ਰੌਲੇ ਕਾਰਨ ਮੌਕਾ ਦੇਖਣ ਪਹੁੰਚੇ ਡੀ ਸੀ ਮੋਗਾ

ਬਾਘਾਪੁਰਾਣਾ – ਸ਼ਹਿਰ ਬਾਘਾਪੁਰਾਣਾ ਆਏ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ, ਤੇ ਪਿਛਲੇ ਦਿਨਾਂ ਤੋਂ ਲਗਾਤਾਰ ਸ਼ਹਿਰ ਦੇ ਮੇਨ ਚੌਂਕ ਵਿਚ ਬਣੀਆਂ ਨਜਾਇਜ ਦੁਕਾਨਾਂ ਦਾ ਮਾਮਲਾ ਭੱਖਿਆ ਹੋਇਆ ਹੈ। ਜਿਥੇ ਅਖਬਾਰਾਂ ਦੀਆਂ ਸੁਰਖੀਆਂ ਦਾ ਹਿੱਸਾ ਪਿਛਲੇ ਦਿਨਾਂ ਤੋਂ ਇਹ ਦੁਕਾਨਾਂ ਬਣੀਆਂ ਹੋਈਆਂ ਹਨ ਉਥੇ ਹੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰ ਵੀ ਇਨ੍ਹਾਂ ਦੁਕਾਨਾਂ ਸਬੰਧੀ ਐਸ.ਡੀ.ਐਮ. ਬਾਘਾਪੁਰਾਣਾ ਨੂੰ ਮੰਗ ਪੱਤਰ ਦੇ ਚੁੱਕੇ ਹਨ। ਸਾਡੇ ਵਲੋਂ ਪਰਮੁੱਖਤਾ ਨਾਲ ਛਾਪੀ ਗਈ ਖਬਰ ਅਤੇ ਗਲਤ ਨਿਸ਼ਾਨ ਦੇਹੀ ਦੇ ਪੀੜਤ ਦੁਕਾਨਦਾਰਾਂ ਵਲੋਂ ਚੁੱਕੀ ਗਈ ਮੰਗ ਤੋਂ ਬਾਅਦ ਅੱਜ ਡੀ.ਸੀ. ਮੋਗਾ ਸੰਦੀਪ ਹਾਂਸ ਨੇ ਖੁੱਦ ਸ਼ਹਿਰ ਬਾਘਾਪੁਰਾਣਾ ਵਿਚ ਪਹੁੰਚਕੇ ਇਨਕੁਆਰੀ ਕੀਤੀ ਗਈ, ਜਿਸ ਦੌਰਾਨ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਸਮੇਤ ਹਲਕਾ ਬਾਘਾਪੁਰਾਣਾ ਦੇ ਐਸ.ਡੀ.ਐਮ. ਮੈਡਮ ਸਵਰਨਜੀਤ ਕੌਰ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਡੀ.ਐਸ.ਪੀ. ਕੇਸਰ ਸਿੰਘ ਅਤੇ ਐਸ.ਐਚ.ਓ. ਕੁਲਵਿੰਦਰ ਸਿੰਘ ਵੀ ਵਿਸ਼ੇਸ ਤੌਰ ਤੇ ਮਜੂਦ ਰਹੇ। ਇਸ ਮੌਕੇ ਡੀ.ਸੀ. ਮੋਗਾ ਸੰਦੀਪ ਹਾਂਸ ਵਲੋਂ ਖੁਦ ਸਾਰੀਆਂ ਜਗ੍ਹਾਵਾਂ ਦਾ ਨਰੀਖਣ ਕੀਤਾ ਗਿਆ ਅਤੇ ਮੌਕੇ ਉਪਰ ਪਟਵਾਰੀ ਹਰਬੰਸ ਸਿੰਘ ਤੋਂ ਸਬੰਧਤ ਵਿਵਾਦਤ ਜਗ੍ਹਾਵਾਂ ਦੇ ਨਕਸ਼ੇ ਮੰਗਵਾ ਕੇ ਵੀ ਜਾਂਚ ਕੀਤੀ। ਇਸ ਮੌਕੇ ਡੀ.ਸੀ. ਮੋਗਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜੇ ਤੱਕ ਕੁਝ ਵੀ ਫਾਈਨਲ ਨਹੀਂ ਕੀਤਾ ਗਿਆ ਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਉਹ ਇਸ ਮਾਮਲੇ ਦੀ ਇਨਕੁਆਰੀ ਕਰਨਗੇ। ਉਨ੍ਹਾਂ ਕਿਹਾ ਕਿ ਜਿਸ ਵੀ ਦੁਕਾਨਦਾਰ ਦੀ ਦੁਕਾਨ ਰੋਡ ਵਿਚ ਆਵੇਗੀ ਉਹ ਬਿਨ੍ਹਾਂ ਕੋਈ ਪ੍ਰੈਸ਼ਰ ਸਹੇ ਜਰੂਰ ਢਾਈ ਜਾਵੇਗੀ। ਇਸ ਮੌਕੇ ਵਿਧਾਇਕ ਬਰਾੜ ਨੇ ਵੀ ਸਾਰੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਸਹੀ ਤਰ੍ਹਾਂ ਦੁਕਾਨਾਂ ਦੀ ਮਿਣਤੀ ਕੀਤੀ ਜਾਵੇ ਤਾਂ ਜੋ ਕਿਸੇ ਗਰੀਬ ਦਾ ਨੁਕਸਾਨ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਗਲਤ ਤਰੀਕੇ ਜਾਂ ਕਿਸੇ ਸਿਆਸੀ ਦਖਲਅੰਦਾਜੀ ਨਾਲ ਇਸ ਕੰਮ ਵਿਚ ਪ੍ਰਸ਼ਾਸਨ ਕੁਤਾਹੀ ਕਰਦਾ ਹੈ ਉਹ ਸੜਕ ਦਾ ਕੰਮ ਅੱਗੇ ਨਹੀਂ ਚੱਲਣ ਦੇਣਗੇ ਤੇ ਇਥੇ ਹੀ ਬੰਦ ਕਰਵਾ ਦੇਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਐਮ.ਐਲ.ਏ. ਹਨ ਤੇ ਜੇਕਰ ਕੋਈ ਵਿਅਕਤੀ ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਸ਼ਹਿਰ ਵਿਚੋਂ ਸੜਕ ਦੇ ਨਿਰਮਾਣ ਚਿ ਵਿਘਨ ਪਾਵੇਗਾ ਤਾਂ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਮੰਡੀਕਰਨ ਬੋਰਡ ਦੇ ਚੇਅਰਮੈਨ ਜਗਸੀਰ ਸਿੰਘ ਕਾਲੇਕੇ, ਨਗਰ ਕੌਂਸਲ ਪ੍ਰਧਾਨ ਬਿੱਟੂ ਮਿੱਤਲ, ਸੀਨੀ. ਵਾਈਸ ਪ੍ਰਧਾਨ ਜਗਸੀਰ ਗਰਗ, ਕੌਂਸਲਰ ਨਰ ਸਿੰਘ ਬਰਾੜ ਵੀ ਵਿਸ਼ੇਸ ਤੌਰਰ ਤੇ ਮਜੂਦ ਰਹੇ।