May 5, 2026
#ਖੇਡਾਂ

ਦਹੀਆ ਨੇ ਸੋਨ ਤਗ਼ਮਾ ਜਿੱਤਿਆ, ਬਜਰੰਗ ਨੇ ਚਾਂਦੀ

ਦਿੱਲੀ – ਭਾਰਤ ਦੇ ਰਵੀ ਦਹੀਆ ਨੇ ਏੇਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਪੁਰਸ਼ਾਂ ਦੇ ਫਰੀਸਟਾਈਲ ਦੇ 57 ਕਿਲੋ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ, ਜਦੋਂਕਿ ਬਜਰੰਗ ਪੂਨੀਆ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਦਹੀਆ ਨੇ ਤਾਜਕਿਸਤਾਨ ਦੇ ਹਿਕਮਾਤੁਲੋ ਵੋਹਿਦੋਵ ਨੂੰ ਤਕਨੀਕੀ ਆਧਾਰ ’ਤੇ 10-0 ਨਾਲ ਸ਼ਿਕਸਤ ਦਿੱਤੀ। ਬਜਰੰਗ ਪੂਨੀਆ 65 ਕਿਲੋ ਵਰਗ ਵਿੱਚ ਜਾਪਾਨ ਦੇ ਤਾਕੁਤੋ ਓਟੋਗੁਰੋ ਤੋਂ 2-10 ਨਾਲ ਹਾਰ ਗਿਆ। ਉਸ ਤੋਂ ਇਲਾਵਾ ਸਤਿਆਵ੍ਰਤ ਕਾਦਿਆਨ (97 ਕਿਲੋ) ਅਤੇ ਗੌਰਵ ਬਲਿਆਨ (79 ਕਿਲੋ) ਨੂੰ ਵੀ ਫਾਈਨਲ ਵਿੱਚ ਹਾਰ ਝੱਲਣੀ ਪਈ। ਇਸ ਤੋਂ ਪਹਿਲਾਂ ਬਜਰੰਗ ਨੇ ਮਜ਼ਬੂਤ ​​ਪ੍ਰਦਰਸ਼ਨ ਕਰਦਿਆਂ ਫਾਈਨਲ ਤੱਕ ਸਿਰਫ਼ ਦੋ ਅੰਕ ਗੁਆਏ, ਪਰ ਉਹ ਜਾਪਾਨੀ ਪਹਿਲਵਾਨ ਦੀ ਚੁਣੌਤੀ ਨੂੰ ਪਾਰ ਨਹੀਂ ਕਰ ਸਕਿਆ। ਬਜਰੰਗ ਜਾਪਾਨ ਦੇ ਇਸ ਖਿਡਾਰੀ ਨਾਲ ਵਿਸ਼ਵ ਚੈਂਪੀਅਨਸ਼ਿਪ-2018 ਦੇ ਫਾਈਨਲ ਵਿੱਚ ਵੀ ਭਿੜ ਚੁੱਕਿਆ ਹੈ। ਬਜਰੰਗ ਨੂੰ ਬੀਤੇ ਕੁਝ ਸਮੇਂ ਤੋਂ ‘ਲੈੱਗ ਡਿਫੈਂਸ’ ਵਿੱਚ ਮੁਸ਼ਕਲ ਆ ਰਹੀ ਸੀ, ਪਰ ਅੱਜ ਉਸ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ। ਉਸ ਨੇ 65 ਕਿਲੋ ਭਾਰ ਵਰਗ ਦੇ ਸ਼ੁਰੂਆਤੀ ਮੁਕਾਬਲੇ ਤੋਂ ਹੀ ਮਜ਼ਬੂਤ ਪ੍ਰਦਰਸ਼ਨ ਕੀਤਾ ਸੀ। ਉਸਨੇ ਫਾਈਨਲ ਤੋਂ ਪਹਿਲਾਂ ਦੇ ਆਪਣੇ ਸਾਰੇ ਮੈਚ ਸਰਵੋਤਮ ਤਕਨੀਕ ਦੇ ਬਲਬੂਤੇ ਜਿੱਤੇ। ਇਸ ਤਰ੍ਹਾਂ ਉਸ ਨੇ ਤਾਜਕਿਸਤਾਨ ਦੇ ਜਮਸ਼ੇਦ ਸ਼ਰੀਫੋਵ, ਉਜ਼ਬੇਕਿਸਤਾਨ ਦੇ ਐਬੋਸਾ ਰੱਖਮੋਨੋਵ ਅਤੇ ਇਰਾਨ ਦੇ ਅਮੀਰਹੁਸੈਨ ਅਜ਼ੀਮ ਮਾਗਸੌਦੀ ਨੂੰ ਸ਼ਿਕਸਤ ਦਿੱਤੀ ਸੀ।