ਅਤਿਵਾਦ ਖ਼ਿਲਾਫ਼ ਜੰਗ ਇਕ ਮੰਚ ਤੋਂ ਲੜਨ ਦੀ ਲੋੜ: ਬਾਜਵਾ
ਇਸਲਾਮਾਬਾਦ – ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਅੱਜ ਕਿਹਾ ਕਿ ਦਹਿਸ਼ਤਗਰਦੀ ਖ਼ਿਲਾਫ਼ ਜੰਗ ਨੂੰ ਇਕ ਮੰਚ ਤੋਂ ਮਜ਼ਬੂਤ ਹੋ ਕੇ ਲੜਿਆ ਜਾਣਾ ਚਾਹੀਦਾ ਹੈ ਤਾਂ ਹੀ ਮੁਲਕ ਤੇ ਖਿੱਤੇ ’ਚ ਸਥਾਈ ਸ਼ਾਂਤੀ ਪ੍ਰਾਪਤੀ ਦੇ ਟੀਚੇ ਵੱਲ ਵਧਿਆ ਜਾ ਸਕਦਾ ਹੈ। ਜਨਰਲ ਬਾਜਵਾ ਦੀ ਇਹ ਟਿੱਪਣੀ ਉਸ ਮੁਹਿੰਮ ਦੀ ਤੀਜੀ ਵਰ੍ਹੇਗੰਢ ਮੌਕੇ ਆਈ ਹੈ ਜੋ ਉਨ੍ਹਾਂ ਖ਼ੁਦ ਪਾਕਿ ’ਚ ਅਤਿਵਾਦੀ ਗਤੀਵਿਧੀਆਂ ਖ਼ਿਲਾਫ਼ ਵਿੱਢੀ ਸੀ। ਪਾਕਿਸਤਾਨ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਫ਼ਤਿਖ਼ਾਰ ਨੇ ਟਵੀਟ ਵਿਚ ਬਾਜਵਾ ਦਾ ਜ਼ਿਕਰ ਕਰ ਕੇ ਲਿਖਿਆ ਕਿ ਅਤਿਵਾਦ ਖ਼ਿਲਾਫ਼ ਦੋ ਦਹਾਕਿਆਂ ਤੋਂ ਵੱਖ-ਵੱਖ ਨੁਕਤਿਆਂ ਤੋਂ ਲੜੀ ਜਾ ਰਹੀ ਜੰਗ ਦੇ ਨਿਕਲੇ ਠੋਸ ਸਿੱਟਿਆਂ ਨੂੰ ਇਕ ਥਾਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਪਰੇਸ਼ਨ ਰੱਦ ਉਲ ਫ਼ਸਾਦ ਪਿਛਲੇ ਸਾਰੇ ਤਜਰਬਿਆਂ ਨੂੰ ਇਕ ਕਰ ਕੇ ਵਰਤਣ ਲਈ ਲਾਂਚ ਕੀਤਾ ਗਿਆ ਸੀ।






