May 10, 2026
#ਪੰਜਾਬ

ਦਾਗੀ ਡੀਐਸਪੀ ਨੇ ਆਪਦੇ ਸਿਆਸੀ ਆਕਾਵਾਂ ਦੇ ਇਸ਼ਾਰੇ ‘ਤੇ ਮੇਰੇ ਸਿਆਸੀ ਅਕਸ ਨੂੰ ਗੰਧਲਾ ਕਰਨ ਲਈ ਘੜੀ ਨਵੀਂ ਕਹਾਣੀ

ਇੱਕ ਮੰਤਰੀ ਅਤੇ ਵਿਧਾਇਕ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਬੇਬਾਕੀ ਨਾਲ ਨਿਭਾਉਂਦੇ ਰਹਿਣ ਦੀ ਵਚਨਬੱਧਤਾ ਨੂੰ ਦੁਹਰਾਇਆ
ਚੰਡੀਗੜ – ਪੰਜਾਬ ਦੇ ਖੁਰਾਕ ਸਿਵਲ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਐਤਵਾਰ ਨੂੰ ਉਨਾਂ ਖਿਲਾਫ ਲਗਾਏ ਸਾਰੇ ਕਥਿਤ ਦੋਸ਼ਾਂ ਨੂੰ ਨਿਰਾਰਥਕ ਅਤੇ ਵਿਅੰਗਾਤਮਕ ਦੱਸਦਿਆਂ ਉਨਾਂ ਕਿਹਾ ਕਿ ਡੀਐਸਪੀ ਜਾਣ ਬੁੱਝ ਕੇ 30 ਸਾਲ ਪੁਰਾਣਾ ਕੇਸ ਉਛਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਵਿੱਚ ਮਾਣਯੋਗ ਅਦਾਲਤ ਨੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਨਾਂ ਨੂੰ ਨਿਰਦੋਸ਼ ਘੋਸ਼ਿਤ ਕਰ ਦਿੱਤਾ ਸੀ।ਆਸ਼ੂ ਨੇ ਕਿਹਾ ਕਿ ਇੱਕ ਦਾਗੀ ਪੁਲਿਸ ਅਧਿਕਾਰੀ ਵਲੋਂ ਉਨਾਂ ‘ਤੇ ਲਗਾਈ ਦੋਸ਼ ਮਹਿਜ਼ ਝੂਠ ਦਾ ਪੁਲੰਦਾ ਹਨ ਅਤੇ ਡੀਐਸਪੀ ਦੀ ਇਸ ਝੂਠੀ ਦੂਸ਼ਣਬਾਜ਼ੀ ਦਾ ਇੱਕੋ ਇੱਕ ਮੰਤਵ ਉਨਾਂ ਦੇ ਸਿਆਸੀ ਕਿਰਦਾਰ ‘ਤੇ ਧੱਬਾ ਲਾਉਣਾ ਹੈ।ਮੰਤਰੀ ਨੇ ਕਿਹਾ ਕਿ ਦਾਗੀ ਡੀਐਸਪੀ ਇਸ ਸਮੇਂ ਅਜਿਹੀ ਬੇਬੁਨਿਆਦ ਤੇ ਝੂਠੀ ਕਹਾਣੀ ਨਾਲ ਸਾਹਮਣੇ ਆਉਣਾ ਉਸਦੇ ਅਸੀ ਮੰਤਵ ਨੂੰ ਦਰਸਾਉਂਦਾ ਹੈ।ਉਨਾਂ ਸਪੱਸ਼ਟ ਕੀਤਾ ਕਿ ਕੋਈ ਵੀ ਕਾਨੂੰਨ ਤੋਂ ਉੱਚਾ ਨਹੀਂ ਹੈ ਅਤੇ ਲੋਕਾਂ ਪ੍ਰਤੀ ਆਪਣੇ ਮਾੜੇ ਵਤੀਰੇ ਕਾਰਨ ਸਮੇਂ-ਸਮੇਂ ਮੁਅੱਤਲ ਕੀਤਾ ਜਾਂਦਾ ਇੱਕ ਪੁਲਿਸ ਅਧਿਕਾਰੀ ਆਪਣ ਆਪ ਨੂੰ ਝੂਠ ਅਤੇ ਭੱਦੀ ਬਿਆਨਬਾਜ਼ੀ ਨਾਲ ਉਸਾਰੀ ਧੂੰਏਂ ਦੀ ਦੀਵਾਰ ਪਿੱਛੇ ਲੁਕਾ ਨਹੀਂ ਸਕਦਾ।ਆਪਣਾ ਗੁੱਸਾ ਜ਼ਾਹਰ ਕਰਦਿਆਂ ਮੰਤਰੀ ਨੇ ਕਿਹਾ ਕਿ ਇਨਾਂ ਸ਼ਰਮਨਾਕ ਝੂਠਾ ਦਾ ਜਵਾਬ ਦੇਣਾ ਵੀ ਮੇਰੇ ਲਈ ਹੱਤਕ ਵਾਲੀ ਗੱਲ ਹੈ। ਇਹ ਸ਼ਰਮਨਾਕ ਸੀ ਕਿ ਮੇਰੇ ਪਰਿਵਾਰ ਦੇ ਇਕ ਮੈਂਬਰ ਦਾ ਨਾਮ ਇਸ ਵਿਚ ਖਿੱਚਿਆ ਜਾ ਰਿਹਾ ਹੈ ਜੋ ਹੁਣ ਦੁਨੀਆਂ ਵਿਚ ਨਹੀਂ ਹੈ। ਆਸ਼ੂ ਨੇ ਦੱਸਿਆ ਕਿ ਮੇਰੇ ਚਾਚੇ ਦੀ ਕੁਦਰਤੀ ਮੌਤ ਹੋ ਗਈ ਸੀ।ਉਨਾਂ ਕਿਹਾ ਕਿ ਮੇਰੀ ਜ਼ਿੰਦਗੀ ਜਾਂਚ -ਪੜਤਾਲ ਲਈ ਖੁੱਲੀ ਹੈ ਅਤੇ ਕਾਨੂੰਨੀ ਪ੍ਰਕਿਰਿਆਵਾਂ ਖਤਮ ਹੋਣ ਤੋਂ ਬਾਅਦ ਹੀ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ। ਮੁਅੱਤਲ ਕੀਤੇ ਡੀ.ਐਸ.ਪੀ ਵੱਲੋਂ ਲਗਾਏ ਝੂਠੇ ਦੋਸ਼ਾਂ ‘ਤੇ ਸਖ਼ਤ ਵਿਰੋਧ ਕਰਦਿਆਂ ਆਸ਼ੂ ਨੇ ਕਿਹਾ ਕਿ ਜੇ ਉਹ ਕੁਝ ਕਹਿਣਾ ਚਾਹੁੰਦਾ ਹੈ ਤਾਂ ਉਸਨੂੰ ਅਦਾਲਤਾਂ ਕੋਲ ਜਾਣਾ ਚਾਹੀਦਾ ਜੋ ਅਜਿਹੇ ਮਾਮਲਿਆਂ ਦਾ ਫ਼ੈਸਲਾ ਕਰਨ ਦੇ ਪੂਰੀ ਤਰਾਂ ਸਮਰੱਥ ਹਨ।ਜਨਤਕ ਹਿੱਤਾਂ ਲਈ ਨਿੱਧੜਕਤਾ ਨਾਲ ਪਹਿਰਾ ਦੇਣ ਅਤੇ ਲੋਕਾਂ ਦੀ ਸੇਵਾ ਕਰਨ ਦੇ ਆਪਣੇ ਨਿੱਜੀ ਅਤੇ ਸੰਵਿਧਾਨਕ ਫਰਜ਼ ਨੂੰ ਦੁਹਰਾਉਂਦੇ ਹੋਏ ਆਸ਼ੂ ਨੇ ਕਿਹਾ ਕਿ ਕੁਝ ਵੀ ਉਨਾਂ ਨੂੰ ਕਦੇ ਵੀ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਵਿਸ਼ਵਾਸ ਲਈ ਲੜਨ ਤੋਂ ਨਹੀਂ ਰੋਕ ਸਕੇਗਾ