May 10, 2026
#ਪੰਜਾਬ #ਭਾਰਤੀ ਡਾਇਸਪੋਰਾ

ਖ਼ਾਲਸਾ ਕਾਲਜ ਪਟਿਆਲਾ ਨੂੰ ਮਿਲਿਆ ਸਟਾਰ ਕਾਲਜ ਦਾ ਰੁਤਬਾ

ਪਟਿਆਲਾ – ਭਾਰਤ ਸਰਕਾਰ ਦੇ ਸਾਇੰਸ ਮੰਤਰਾਲੇ ਅਧੀਨ ਡੀ.ਬੀ.ਟੀ. ਵੱਲੋਂ ਖ਼ਾਲਸਾ ਕਾਲਜ ਪਟਿਆਲਾ ਨੂੰ ਸਟਾਰ ਕਾਲਜ ਦਾ ਰੁਤਬਾ ਪ੍ਰਦਾਨ ਕੀਤਾ ਗਿਆ ਹੈ ਜਿਸ ਤਹਿਤ ਕਾਲਜ ਦੇ ਫਿਜ਼ਿਕਸ, ਕੈਮਿਸਟਰੀ, ਬਾਇਓਟੈਕਨਾਲੋਜੀ ਅਤੇ ਮੈਥੇਮੈਟਿਕਸ ਵਿਭਾਗ ਨੂੰ ਆਪਣੀਆਂ ਲੈਬਾਂ ਅਤੇ ਅਕਾਦਮਿਕ ਸਾਧਨ ਵਿਕਸਿਤ ਕਰਨ ਹਿੱਤ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਵਲੋਂ ਇਸ ਮੰਤਵ ਲਈ ਪਹਿਲਾਂ ਸਬੰਧਤ ਵਿਭਾਗ ਨੂੰ ਸਕੀਮ ਬਣਾ ਕੇ ਭੇਜੀ ਗਈ ਅਤੇ ਉਸ ਤੋਂ ਬਾਅਦ ਸ਼ਾਰਟ¸ਲਿਸਟ ਹੋਣ ਉਪਰੰਤ ਦਿਲੀ ਵਿਖੇ ਇਕ ਮਾਹਿਰ ਕਮੇਟੀ ਅੱਗੇ ਕਾਲਜ ਦੀ ਕਮੇਟੀ ਨੇ ਇੰਟਰਵਿਊ ਰਾਹੀਂ ਆਪਣੇ ਕੇਸ ਦੀ ਪੈਰਵਾਈ ਕੀਤੀ। ਇਸ ਉਪਰੰਤ ਕਾਲਜ ਨੂੰ ਸਟਾਰ ਕਾਲਜ ਦਾ ਦਰਜਾ ਪ੍ਰਦਾਨ ਕੀਤਾ ਗਿਆ। ਡਾ. ਉੱਭਾ ਨੇ ਦੱਸਿਆ ਕਿ ਕਾਲਜ ਦੀ ਇਹ ਇਕ ਲਾਸਾਨੀ ਪ੍ਰਾਪਤੀ ਹੈ ਜਿਸ ਨਾਲ ਅਕਾਦਮਿਕਤਾ ਅਤੇ ਵਿਗਿਆਨ ਦੇ ਖੇਤਰ ਵਿਚ ਕਾਲਜ ਦਾ ਸਿਰ ਫਖ਼ਰ ਨਾਲ ਉੱਚਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵਲੋਂ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਹਿੱਤ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਨੇ ਇਸ ਮੌਕੇ ‘ਤੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਕਾਲਜ ਦੀ ਇਸ ਪ੍ਰਾਪਤੀ ਨਾਲ ਸਮੁੱਚੀ ਸੰਸਥਾ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਲਗਾਤਾਰ ਇਹ ਉਪਰਾਲੇ ਕੀਤੇ ਜਾ ਰਹੇ ਹਨ ਕਿ ਇਸ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਸੰਸਥਾਵਾਂ ਵਿਚ ਮਿਆਰੀ ਅਤੇ ਸਮੇਂ ਦੇ ਹਾਣ ਦੀ ਵਿਦਿਆ ਉਪਲੱਬਧ ਕਰਵਾਈ ਜਾਵੇ।ਕਾਲਜ ਗਵਰਨਿੰਗ ਬਾਡੀ ਦੇ ਆਨਰੇਰੀ ਸਕੱਤਰ ਸ. ਸੁਰਜੀਤ ਸਿੰਘ ਰੱਖੜਾ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਖ਼ਾਲਸਾ ਕਾਲਜ ਪਟਿਆਲਾ ਵਿਚ ਨਿਰੰਤਰ ਵਿਕਾਸ ਦੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ ਅਤੇ ਅੱਜ ਕਾਲਜ ਦਾ ਨਾਮ ਰਾਸ਼ਟਰੀ ਪੱਧਰ ਉਪਰ ਬਹੁਤ ਮਾਣ ਨਾਲ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਟਾਰ ਕਾਲਜ ਦਾ ਦਰਜਾ ਮਿਲਣ ਨਾਲ ਕਾਲਜ ਦੇ ਸਾਇੰਸ ਵਿਭਾਗ ਹੋਰ ਮਜਬੂਤ ਹੋਣਗੇ ਅਤੇ ਸਾਇੰਸ ਦੇ ਅਧਿਆਪਕ ਸੈਮੀਨਾਰਾਂ, ਵਰਕਸ਼ਾਪਾਂ ਅਤੇ ਹੋਰ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਨੂੰ ਨਵੀਨਤਮ ਵਿਗਿਆਨਕ ਉਨਤੀ ਦੇ ਰੂਬਰੂ ਕਰਵਾਉਣ ਦੇ ਸਮਰਥ ਹੋ ਸਕਣਗੇ। ਡਾ. ਤੇਜਿੰਦਰ ਕੌਰ ਧਾਲੀਵਾਲ, ਡਾਇਰੈਕਟਰ ਐਜੂਕੇਸ਼ਨ ਨੇ ਵੀ ਕਾਲਜ ਦੀ ਇਸ ਪ੍ਰਾਪਤੀ ‘ਤੇ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਪ੍ਰਾਪਤੀ ਨਾਲ ਕਾਲਜ ਦੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਵਿਚ ਅਥਾਹ ਖੁਸ਼ੀ ਦੇਖਣ ਨੂੰ ਪਾਈ ਗਈ।