ਨਿਰਭਯਾ ਕੇਸ ਦੋਸ਼ੀਆਂ ਨੂੰ ਫਾਂਸੀ ਦੇਣ ਸੰਬੰਧੀ ਕੇਂਦਰ ਦੀ ਪਟੀਸ਼ਨ ਤੇ 5 ਮਾਰਚ ਤੱਕ ਟਲੀ ਸੁਣਵਾਈ
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਨਿਰਭਯਾ ਗੈਂਗਰੇਪ ਅਤੇ ਕਤਲਕਾਂਡ ਦੇ ਦੋਸ਼ੀਆਂ ਨੂੰ ਵੱਖ-ਵੱਖ ਫਾਂਸੀ ਦੇਣ ਸੰਬੰਧੀ ਕੇਂਦਰ ਅਤੇ ਦਿੱਲੀ ਸਰਕਾਰ ਦੀ ਵਿਸ਼ੇਸ਼ ਮਨਜ਼ੂਰੀ ਪਟੀਸ਼ਨ ਤੇ ਸੁਣਵਾਈ 5 ਮਾਰਚ ਤੱਕ ਲਈ ਟਾਲ ਦਿੱਤੀ| ਜੱਜ ਆਰ. ਭਾਨੂੰਮਤੀ ਦੀ ਪ੍ਰਧਾਨਗੀ ਵਾਲੀ ਵਿਸ਼ੇਸ਼ ਬੈਂਚ ਨੇ ਇਹ ਕਹਿੰਦੇ ਹੋਏ ਪਟੀਸ਼ਨ ਦੀ ਸੁਣਵਾਈ 5 ਮਾਰਚ ਤੱਕ ਲਈ ਟਾਲ ਦਿੱਤੀ ਕਿ ਗੁਨਾਹਗਾਰਾਂ ਨੂੰ ਤਿੰਨ ਮਾਰਚ ਨੂੰ ਫਾਂਸੀ ਦਿੱਤੀ ਜਾਣੀ ਹੈ, ਇਸ ਲਈ ਉਹ ਡੈਥ ਵਾਰੰਟ ਦੇ ਅਮਲ ਵਿੱਚ ਲਿਆਉਣ ਦਾ ਇੰਤਜ਼ਾਰ ਕਰੇਗੀ|ਕੇਂਦਰ ਸਰਕਾਰ ਨੇ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿੱਚ ਉਸ ਨੇ ਕਿਹਾ ਹੈ ਕਿ ਚਾਰੇ ਦੋਸ਼ੀਆਂ ਨੂੰ ਵੱਖ-ਵੱਖ ਫਾਂਸੀ ਨਹੀਂ ਹੋ ਸਕਦੀ| ਜਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਨਿਰਭਯਾ ਦੇ ਚਾਰੇ ਦੋਸ਼ੀਆਂ ਨੂੰ ਵੱਖ-ਵੱਖ ਸਮੇਂ ਤੇ ਫਾਂਸੀ ਨਹੀਂ ਦਿੱਤੀ ਜਾ ਸਕਦੀ ਹੈ, ਜਦੋਂਕਿ ਕੇਂਦਰ ਸਰਕਾਰ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਜਿਨ੍ਹਾਂ ਦੋਸ਼ੀਆਂ ਦੀ ਪਟੀਸ਼ਨ ਕਿਸੇ ਵੀ ਫੋਰਮ ਵਿੱਚ ਪੈਂਡਿੰਗ ਨਹੀਂ ਹੈ, ਉਨ੍ਹਾਂ ਨੂੰ ਫਾਂਸੀ ਤੇ ਲਟਕਾਇਆ ਜਾਵੇ| ਇਕ ਦੋਸ਼ੀ ਦੀ ਪਟੀਸ਼ਨ ਪੈਂਡਿੰਗ ਹੋਣ ਨਾਲ ਦੂਜੇ ਦੋਸ਼ੀਆਂ ਨੂੰ ਰਾਹਤ ਨਹੀਂ ਦਿੱਤੀ ਜਾ ਸਕਦੀ|






