ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ
ਰਾਫੇਲ ਨਡਾਲ ਨੇ ਮੈਕਸਿਕੋ ਓਪਨ ਟੈਨਿਸ ਟੂਰਨਾਮੈਂਟ ਵਿੱਚ ਪਾਬਲੋ ਐਂਡੁਜਰ ’ਤੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਕੋਰਟ ’ਤੇ ਸ਼ਾਨਦਾਰ ਵਾਪਸੀ ਕੀਤੀ। ਇਸ ਦੇ ਨਾਲ ਹੀ ਉਸ ਨੇ ਵਿਸ਼ਵ ਵਿੱਚ ਅੱਵਲ ਨੰਬਰ ਦਰਜਾਬੰਦੀ ਮੁੜ ਤੋਂ ਹਾਸਲ ਕਰਨ ਲਈ ਆਪਣੀ ਮੁਹਿੰਮ ਦੀ ਹਾਂ-ਪੱਖੀ ਸ਼ੁਰੂਆਤ ਵੀ ਕੀਤੀ। ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਡੌਮੀਨਿਕ ਥੀਮ ਤੋਂ ਹਾਰਨ ਮਗਰੋਂ ਪਹਿਲੀ ਵਾਰ ਕਿਸੇ ਟੂਰਨਾਮੈਂਟ ਵਿੱਚ ਖੇਡ ਰਹੇ 33 ਸਾਲ ਦੇ ਸਪੈਨਿਸ਼ ਖਿਡਾਰੀ ਨੇ ਹਮਵਤਨ ਐਡੁਜਰ ’ਤੇ ਡੇਢ ਘੰਟੇ ਤੱਕ ਚੱਲੇ ਮੈਚ ਵਿੱਚ 6-3, 6-2 ਨਾਲ ਜਿੱਤ ਦਰਜ ਕੀਤੀ। ਨਡਾਲ ਦੂਜੇ ਗੇੜ ਵਿੱਚ ਸਰਬੀਆ ਦੇ ਮਿਓਮੀਰ ਕੇਸਮਾਨੋਵਿਚ ਨਾਲ ਭਿੜੇਗਾ। ਨਡਾਲ ਜੇਕਰ ਮੈਕਸਿਕੋ ਓਪਨ ਵਿੱਚ ਖ਼ਿਤਾਬ ਜਿੱਤਣ ਵਿੱਚ ਸਫਲ ਰਹਿੰਦਾ ਹੈ ਅਤੇ ਨੋਵਾਕ ਜੋਕੋਵਿਚ ਦੁਬਈ ਓਪਨ ਦੇ ਸੈਮੀਫਾਈਨਲ ਵਿੱਚ ਨਹੀ ਪਹੁੰਚਦਾ ਤਾਂ ਫਿਰ ਸਪੈਨਿਸ਼ ਖਿਡਾਰੀ ਫਿਰ ਤੋਂ ਅੱਵਲ ਨੰਬਰ ਦਰਜਾਬੰਦੀ ਹਾਸਲ ਕਰ ਲਵੇਗਾ।






