May 5, 2026
#ਖੇਡਾਂ

ਅਗਲੇ ਮੈਚਾਂ ਵਿੱਚ ਬੱਚਿਆਂ ਵਾਲੀਆਂ ਗਲਤੀਆਂ ਨਹੀਂ ਕਰ ਸਕਦੇ: ਹਰਮਨਪ੍ਰੀਤ

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਆਪਣੇ ਬੱਲੇਬਾਜ਼ਾਂ ਦੀ ਚੰਗੀ ਸ਼ੁਰੂਆਤ ਦਾ ਫਾਇਦਾ ਉਠਾਉਣ ’ਚ ਨਾਕਾਮ ਰਹਿਣ ’ਤੇ ਨਾਖੁਸ਼ ਦਿਖੀ ਅਤੇ ਉਸ ਨੇ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਦੇ ਵੱਡੇ ਮੈਚਾਂ ਤੋਂ ਪਹਿਲਾਂ ਬਚਕਾਨੀ ਗਲਤੀਆਂ ਕਰਨ ਤੋਂ ਬਚਣ ਦੀ ਅਪੀਲ ਕੀਤੀ। ਭਾਰਤ ਦਾ ਮੱਧਕ੍ਰਮ ਲਗਾਤਾਰ ਚੰਗੀ ਸ਼ੁਰੂਆਤ ਦਾ ਫਾਇਦਾ ਉਠਾਉਣ ’ਚ ਨਾਕਾਮ ਰਿਹਾ ਹੈ। ਹਰਮਨਪ੍ਰੀਤ ਨੇ ਨਿਊਜ਼ੀਲੈਂਡ ਖ਼ਿਲਾਫ਼ ਵੀ ਚਾਰ ਦੌੜਾਂ ਤੋਂ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ, ‘‘ਜਦੋਂ ਤੁਹਾਡੀ ਟੀਮ ਜਿੱਤ ਦਰਜ ਕਰਦੀ ਹੈ ਪਰ ਫਿਰ ਵੀ ਅਸੀਂ ਪਹਿਲੇ ਦਸ ਓਵਰ ਚੰਗੇ ਲੰਘਣ ਤੋਂ ਬਾਅਦ ਉਹੀ ਗਲਤੀਆਂ ਕਰ ਰਹੇ ਹਾਂ। ਸਾਨੂੰ ਚੰਗੀ ਸ਼ੁਰੂਆਤ ਮਿਲਦੀ ਹੈ ਪਰ ਅਸੀਂ ਉਸ ਲੈਅ ਨੂੰ ਬਰਕਰਾਰ ਨਹੀਂ ਰੱਖ ਸਕਦੇ।’’ ਉਸ ਨੇ ਕਿਹਾ, ‘‘ਅੱਗੇ ਦੇ ਮੈਚ ਵਧੇਰੇ ਸਖ਼ਤ ਹੋਣਗੇ ਅਤੇ ਅਸੀਂ ਬਚਕਾਨੀ ਗਲਤੀਆਂ ਨਹੀਂ ਕਰ ਸਕਦੇ। ਸ਼ੈਫਾਲੀ ਸਾਨੂੰ ਚੰਗੀ ਸ਼ੁਰੂਆਤ ਦੇ ਰਹੀ ਹੈ। ਉਸ ਵੱਲੋਂ ਸ਼ੁਰੂ ਵਿੱਚ ਬਣਾਈਆਂ ਗਈਆਂ ਦੌੜਾਂ ਸਾਡੇ ਲਈ ਬੇਹੱਦ ਅਹਿਮ ਹਨ।’’