Skip to content

ਨਸ਼ੇ ਨੂੰ ਜੜੋਂ ਖਤਮ ਕਰਨ ਲਈ ਅਹਿਮ ਭੂਮਿਕਾ ਨਿਭਾਅ ਰਹੇ ਨੇ ‘ਖੁਸ਼ਹਾਲੀ ਦੇ ਰਾਖੇ’ : ਟੀ.ਐਸ. ਸ਼ੇਰਗਿੱਲ

Share this story

ਹੁਸ਼ਿਆਰਪੁਰ – ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਅਤੇ ਜੀ.ਓ.ਜੀ (ਗਾਰਡੀਅਨ ਆਫ਼ ਗਵਰਨੈਂਸ) ਦੇ ਸੀਨੀਅਰ ਵਾਈਸ ਚੇਅਰਮੈਨ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਪਰਮ ਵਸ਼ਿਸ਼ਟ ਸੇਵਾ ਮੈਡਲ ਸ੍ਰੀ ਟੀ.ਐਸ. ਸ਼ੇਰਗਿੱਲ ਨੇ ਕਿਹਾ ਕਿ ਨਸ਼ੇ ਨੂੰ ਜੜੋਂ ਖਤਮ ਕਰਨ ਲਈ ‘ਖੁਸ਼ਹਾਲੀ ਦੇ ਰਾਖੇ’ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਹ ਅੱਜ ਹੁਸ਼ਿਆਰਪੁਰ ਵਿਖੇ ਜ਼ਿਲਾ ਅਧਿਕਾਰੀਆਂ ਅਤੇ ਗਾਰਡੀਅਨ ਆਫ਼ ਗਵਰਨੈਂਸ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਵੀ ਮੌਜੂਦ ਸਨ। ਲੈਫਟੀਨੈਂਟ ਜਨਰਲ ਸ੍ਰੀ ਟੀ.ਐਸ. ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਤਾਇਨਾਤ ਕੀਤੇ ਗਏ ‘ਖੁਸ਼ਹਾਲੀ ਦੇ ਰਾਖੇ’ ਨਸ਼ਿਆਂ ਖਿਲਾਫ਼ ਵਿਸ਼ੇਸ਼ ਜਾਗਰੂਕਤਾ ਫੈਲਾ ਰਹੇ ਹਨ। ਇਨਾਂ ਵਲੋਂ ਪਿੰਡਾਂ ਵਿੱਚ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਸ਼ਨਾਖਤ ਕਰਕੇ ਉਨਾਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਬਾਰੇ ਦੱਸਿਆ ਜਾਂਦਾ ਹੈ, ਜਿਥੇ ਪੰਜਾਬ ਸਰਕਾਰ ਵਲੋਂ ਨਸ਼ੇ ਵਿੱਚ ਜਕੜੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ‘ਖੁਸ਼ਹਾਲੀ ਦੇ ਰਾਖਿਆਂ’ ਵਲੋਂ ਕੀਤੀਆਂ ਰਿਪੋਰਟਾਂ ਪ੍ਰਸ਼ਾਸ਼ਨਿਕ ਸੁਧਾਰਾਂ, ਲੋਕ ਪੱਖੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਅਹਿਮ ਸਾਬਿਤ ਹੋ ਰਹੀਆਂ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਖੁਸ਼ਹਾਲੀ ਦੇ ਰਾਖਿਆਂ ਵਲੋਂ ਦਿੱਤੀ ਜਾਂਦੀ ਫੀਡ ਬੈਕ ਜ਼ਿਲਾ ਪ੍ਰਸ਼ਾਸ਼ਨ ਲਈ ਅਹਿਮ ਹੈ। ਉਨਾਂ ਕਿਹਾ ਕਿ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਜ਼ਿਲਾ ਪ੍ਰਸ਼ਾਸ਼ਨ ਵਚਨਬੱਧ ਹੈ ਅਤੇ ਜੀ.ਓ.ਜੀ. ਵਲੋਂ ਕੀਤੀਆਂ ਜਾ ਰਹੀਆਂ ਰਿਪੋਰਟਾਂ ‘ਤੇ ਵੀ ਪ੍ਰਸ਼ਾਸ਼ਨ ਵਲੋਂ ਗੰਭੀਰਤਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਅਧਿਕਾਰੀਆਂ ਨੂੰ ‘ਖੁਸ਼ਹਾਲੀ ਦੇ ਰਾਖਿਆਂ’ ਦਾ ਸਹਿਯੋਗ ਲੈ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਪ੍ਰੀਤ ਸਿੰਘ ਸੂਦਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਅਮਿਤ ਮਹਾਜਨ, ਜੀ.ਓ.ਜੀ. ਹੁਸ਼ਿਆਰਪੁਰ ਦੇ ਮੁਖੀ ਬਿਰਗੇਡੀਅਰ (ਰਿਟਾ:) ਸ੍ਰੀ ਮਨੋਹਰ ਸਿੰਘ, ਓ.ਐਸ.ਡੀ. ਸ੍ਰੀ ਕਰਨਵੀਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ‘ਖੁਸ਼ਹਾਲੀ ਦੇ ਰਾਖੇ’ ਹਾਜ਼ਰ ਸਨ।

Share this story
WRITTEN BY

BREAKING