May 5, 2026
#ਦੇਸ਼ ਦੁਨੀਆਂ

ਪਾਕਿ ਪਰਤਣ ਦੀ ਆਸਵੰਦ ਹੈ ਆਸੀਆ ਬੀਬੀ

ਪਾਕਿ ਦੀ ਸਰਵਉਚ ਅਦਾਲਤ ਵਲੋਂ ਇਸਲਾਮ ਦਾ ਨਿਰਾਦਰ ਕਰਨ ਦੇ ਦੋਸ਼ ਤੋਂ ਬਰੀ ਕਰਨ ਤੋਂ ਬਾਅਦ ਆਸੀਆ ਬੀਬੀ ਨੇ ਆਸ ਪ੍ਰਗਟਾਈ ਹੈ ਕਿ ਉਹ ਇਕ ਦਿਨ ਜ਼ਰੂਰ ਪਾਕਿਸਤਾਨ ਪਰਤੇਗੀ। ਕੈਨੇਡਾ ਰਹਿੰਦੀ ਆਸੀਆ ਨੇ ਬੀਬੀਸੀ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਉਸ ਨੂੰ ਆਸ ਸੀ ਕਿ ਉਹ ਇਕ ਦਿਨ ਜੇਲ੍ਹ ਵਿਚੋਂ ਆਜ਼ਾਦ ਹੋ ਜਾਵੇਗੀ। ਦੱਸਣਯੋਗ ਹੈ ਕਿ ਚਾਰ ਬੱਚਿਆਂ ਦੀ ਮਾਂ ਆਸੀਆ ਨੂੰ ਸਾਲ 2010 ਵਿਚ ਇਸਲਾਮ ਦਾ ਨਿਰਾਦਰ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੇ ਹਰ ਸਮੇਂ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਅੱਠ ਸਾਲ ਦੀ ਸਖਤ ਸਜ਼ਾ ਭੁਗਤਣੀ ਪਈ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਆਸੀਆ ਨੂੰ 31 ਅਕਤੂਬਰ 2018 ਨੂੰ ਕੁਫਰ ਤੋਲਣ ਦੇ ਦੋਸ਼ ਹੇਠ ਬਰੀ ਕੀਤਾ ਸੀ। ਇਸ ਫੈਸਲੇ ਦਾ ਪਾਕਿਸਤਾਨ ਭਰ ਵਿਚ ਵਿਰੋਧ ਹੋਇਆ ਸੀ ਤੇ ਧਾਰਮਿਕ ਜਥੇਬੰਦੀਆਂ ਦੀ ਅਗਵਾਈ ਹੇਠ ਲੋਕਾਂ ਨੇ ਕੌਮੀ ਸ਼ਾਹਰਾਹ ਰੋਕੇ ਸਨ। ਇਸ ਤੋਂ ਬਾਅਦ ਆਸੀਆ ਦੇ ਪਤੀ ਅਸ਼ੀਕ ਮਸੀਹ ਨੇ ਅਮਰੀਕੀ ਰਾਸ਼ਟਰਪਤੀ ਤੇ ਵਿਸ਼ਵ ਭਰ ਦੇ ਮੋਹਰੀ ਆਗੂਆਂ ਨੂੰ ਵੀਡੀਓ ਸੰਦੇਸ਼ ਰਾਹੀਂ ਉਸ ਦੀ ਪਤਨੀ ਨੂੰ ਪਾਕਿਸਤਾਨ ਵਿਚੋਂ ਸੁਰੱਖਿਅਤ ਲਾਂਘਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਉਸ ਨੂੰ ਕੈਨੇਡਾ ਪਹੁੰਚਾਇਆ ਗਿਆ। ਆਸੀਆ ਨੇ ਪਾਕਿਸਤਾਨ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਸਲਾਮ ਦਾ ਨਿਰਾਦਰ ਕਰਨ ਦੇ ਦੋਸ਼ਾਂ ਹੇਠ ਸਜ਼ਾ ਭੁਗਤ ਰਹੇ ਨਿਰਦੋਸ਼ਾਂ ਨੂੰ ਵੀ ਜਲਦੀ ਹੀ ਰਿਹਾਅ ਕੀਤਾ ਜਾਵੇ।