May 5, 2026
#ਭਾਰਤ

ਉੱਤਰ-ਪੂਰਬੀ ਦਿੱਲੀ ਵਿੱਚ ਹਾਲਾਤ ਸ਼ਾਂਤੀਪੂਰਨ ਬਣੇ

ਨਵੀਂ ਦਿੱਲੀ – ਉੱਤਰ-ਪੂਰਬੀ ਦਿੱਲੀ ਵਿੱਚ ਅੱਜ ਸਵੇਰਸਾਰ ਹਾਲਾਤ ਸ਼ਾਂਤੀਪੂਰਨ ਰਹੇ| ਸਥਾਨਿਕ ਨਿਵਾਸੀ ਇਸ ਹਫਤੇ ਦੀ ਸ਼ੁਰੂਆਤ ਦੌਰਾਨ ਇਲਾਕੇ ਵਿੱਚ ਹੋਏ ਸੰਪਰਦਾਇਕ ਦੰਗਿਆਂ ਵਿੱਚ ਹੋਏ ਨੁਕਸਾਨ ਤੋਂ ਹੌਲੀ-ਹੌਲੀ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ| ਸੁਰੱਖਿਆ ਕਰਮਚਾਰੀ ਫਲੈਗ ਮਾਰਚ ਕੱਢ ਰਹੇ ਹਨ ਅਤੇ ਸਥਾਨਿਕ ਲੋਕਾਂ ਦਾ ਡਰ ਖਤਮ ਕਰਨ ਲਈ ਰੋਜ਼ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ| ਉਹ ਸਥਾਨਿਕ ਨਿਵਾਸੀਆਂ ਨਾਲ ਸੋਸ਼ਲ ਮੀਡੀਆ ਤੇ ਫੈਲਦੀਆਂ ਅਫਵਾਹਾਂ ਤੇ ਧਿਆਨ ਨਾ ਦੇਣ ਅਤੇ ਉਸ ਦੀ ਪੁਲੀਸ ਨੂੰ ਸ਼ਿਕਾਇਤ ਕਰਨ ਦੀ ਅਪੀਲ ਕਰ ਰਹੇ ਹਨ| ਇਸ ਦੌਰਾਨ ਮਾਹਰਾਂ ਨੇ ਦੱਸਿਆ ਹੈ ਕਿ ਦਿੱਲੀ ਸਰਕਾਰ ਇਕ ਵਟਸਐਪ ਨੰਬਰ ਜਾਰੀ ਕਰਨ ਤੇ ਵਿਚਾਰ ਕਰ ਰਹੀ ਹੈ, ਜਿਸ ਤੇ ਲੋਕਾਂ ਨੂੰ ਅਜਿਹੇ ਮੈਸੇਜ ਅੱਗੇ ਤੋਂ ਨਾ ਭੇਜਣ ਦੀ ਅਪੀਲ ਕਰੇਗੀ ਕਿਉਂਕਿ ਭਾਈਚਾਰਿਆਂ ਵਿੱਚ ਦੁਸ਼ਮਣੀ ਪੈਦਾ ਕਰਨ ਵਾਲੇ ਅਜਿਹੇ ਮੈਸੇਜਾਂ ਨੂੰ ਪ੍ਰਸਾਰਿਤ ਕਰਨਾ ਇਕ ਅਪਰਾਧ ਹੈ| ਇਸ ਕਦਮ ਦਾ ਮਕਸਦ ਸੋਸ਼ਲ ਮੀਡੀਆ ਤੇ ਅਫਵਾਹਾਂ ਨਾਲ ਨਿਪਟਣਾ ਹੈ| ਦੰਗਾ ਪੀੜਤਾਂ ਦੇ ਰਿਸ਼ਤੇਦਾਰ ਜੀ.ਟੀ.ਬੀ ਹਸਪਤਾਲ ਦੇ ਮੁਰਦਾਘਰ ਦੇ ਬਾਹਰ ਆਪਣੇ ਪਰਿਵਾਰ ਦੀਆਂ ਲਾਸ਼ਾਂ ਮਿਲਣ ਲਈ ਉਡੀਕ ਵਿੱਚ ਬੈਠੇ ਹਨ|ਜਿਕਰਯੋਗ ਹੈ ਕਿ ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ, ਮੌਜਪੁਰ, ਬਾਬਰਪੁਰ, ਚਾਂਦਬਾਗ, ਸ਼ਿਵ ਵਿਹਾਰ, ਭਜਨਪੁਰਾ, ਯਮੁਨਾ ਵਿਹਾਰ ਇਲਾਕਿਆਂ ਵਿੱਚ ਹਿੰਸਾ ਵਿੱਚ ਲਗਭਗ 42 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ| ਹਿੰਸਕ ਭੀੜ ਨੇ ਮਕਾਨਾਂ, ਦੁਕਾਨਾਂ , ਵਾਹਨਾਂ ਸਮੇਤ ਇਕ ਪੈਟਰੋਲ ਪੰਪ ਫੂਕ ਦਿੱਤਾ ਅਤੇ ਸਥਾਨਿਕ ਲੋਕਾਂ ਅਤੇ ਪੁਲਸ ਕਰਮਚਾਰੀਆਂ ਤੇ ਪਥਰਾਅ ਵੀ ਕੀਤਾ|