ਬਿਕਰਮ ਮਜੀਠੀਆ ਵੱਲੋਂ ਅੰਮ੍ਰਿਤਸਰ ‘ਚ ਲੜਕੀ ਦੇ ਕਤਲ ਦੀ ਨਿਖੇਧੀ, ਮਾਮਲੇ ਦੀ ਜਾਂਚ ਲਈ ਸਿਟ ਦਾ ਗਠਨ ਕਰਨ ਦੀ ਮੰਗ ਕੀਤੀ
ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਜਨਾਲਾ ਲੜਕੀ ਦੇ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ, ਜਿਸ ਨੂੰ ਤਿੰਨ ਦਿਨ ਪਹਿਲਾਂ ਅਗਵਾ ਕੀਤਾ ਗਿਆ ਸੀ ਅਤੇ ਬਦਲੇ ਵਿਚ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਸ ਘਟਨਾ ਨੂੰ ਸੂਬੇ ‘ਚੋਂ ਖਤਮ ਹੋ ਚੁੱਕੇ ਅਮਨ-ਕਾਨੂੰਨ ਦਾ ਨਤੀਜਾ ਕਰਾਰ ਦਿੰਦਿਆਂ ਪਾਰਟੀ ਨੇ ਇਸ ਮਾਮਲੇ ਦੀ ਜਾਂਚ ਲਈ ਸਿਟ ਦਾ ਗਠਨ ਕੀਤੇ ਜਾਣ ਅਤੇ ਪੀੜਤ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇੱਥੇ ਇੱਕ ਪ੍ਰੈਸ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਗੁੱਸਾ ਅਤੇ ਦੁੱਥਖ ਪ੍ਰਗਟ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ ਅਤੇ ਅਪਰਾਧੀ ਸ਼ਰੇਆਮ ਅਗਵਾ, ਡਕੈਤੀ ਅਤੇ ਕਤਲ ਵਰਗੇ ਗੁਨਾਹ ਸ਼ਰੇਆਮ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਨੌਜਵਾਨ ਲੜਕੀ ਸਿਰਫ 18 ਸਾਲ ਦੀ ਸੀ, ਜੋ ਕਿ ਸੂਬੇ ਅੰਦਰ ਅਮਨ-ਕਾਨੂੰਨ ਦੀ ਲਗਾਤਾਰ ਵਿਗੜ ਰਹੀ ਸਥਿਤੀ ਦੀ ਤਾਜ਼ਾ ਸ਼ਿਕਾਰ ਬਣੀ ਹੈ। ਅਕਾਲੀ ਆਗੂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪ੍ਰਮਾਤਮਾ ਕੋਲ ਅਰਦਾਸ ਕੀਤੀ ਕਿ ਪੀੜਤ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦਾ ਬਲ ਬਖਸ਼ਿਆ ਜਾਵੇ।ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਸ ਲੋੜ ਦੀ ਘੜੀ ਵਿਚ ਪੀੜਤ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਪ੍ਰਦਾਨ ਕਰਵਾਉਣ ਅਤੇ ਨਾਲ ਹੀ ਦੋਸ਼ੀਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ।। ਸੂਬੇ ਅੰਦਰ ਵਧ ਰਹੇ ਅਪਰਾਧਾਂ ਉੱਤੇ ਚਿੰਤਾ ਪ੍ਰਗਟ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਮੰਤਰੀ-ਗੈਂਗਸਟਰ-ਪੁਲਿਸ ਦੇ ਨਾਪਾਕ ਗਠਜੋੜ ਕਰਕੇ ਜੇਲ੍ਹਾਂ ਅਪਰਾਧੀਆਂ ਲਈ ਸੁਰੱਖਿਅਤ ਟਿਕਾਣੇ ਬਣ ਚੁੱਕੀਆਂ ਹਨ। ਉਹਨਾਂ ਕਿਹਾ ਕਿ ਅਪਰਾਧੀਆਂ ਜੇਲ੍ਹਾਂ ਅੰਦਰ ਬੈਠੇ ਆਪਣੇ ਫਿਰੌਤੀ ਰੈਕਟ ਚਲਾ ਰਹੇ ਹਨ, ਕਿਉਂਕਿ ਸਿਆਸਤਦਾਨ ਅਤੇ ਪੁਲਿਸ ਉਹਨਾਂ ਦੀ ਮੱਦਦ ਕਰ ਰਹੇ ਹਨ ਅਤੇ ਉਹਨਾਂ ਨੂੰ ਪਨਾਹ ਦੇ ਰਹੇ ਹਨ। ਉਹਨਾਂ ਕਿਹਾ ਕਿ ਜਿਹਨਾਂ ਲੋਕਾਂ ਨੂੰ ਫਿਰੌਤੀ ਦੀਆਂ ਧਮਕੀਆਂ ਮਿਲਦੀਆਂ ਹਨ, ਉਹ ਵੀ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਪੁਲਿਸ ਕੋਲ ਜਾਣ ਦੀ ਬਜਾਇ ਫਿਰੌਤੀ ਦੀ ਰਾਸ਼ੀ ਦੇਣਾ ਪਸੰਦ ਕਰਦੇ ਹਨ। ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਦੇ ਰਾਜ ਵਿਚ ਔਰਤਾਂ ਸੁਰੱਖਿਅਤ ਨਹੀਂ ਹਨ, ਅਕਾਲੀ ਆਗੂ ਨੇ ਕਿਹਾ ਕਿ ਪੀੜਤ ਲੜਕੀ ਇੱਕ ਬਿਊਟੀ ਸੈਲੂਨ ਵਿਚ ਕਲਾਸ ਲਗਾ ਕੇ ਵਾਪਸ ਜਾ ਰਹੀ ਸੀ, ਜਦੋਂ ਉਸ ਨੂੰ ਅਗਵਾ ਕਰ ਲਿਆ ਗਿਆ ਅਤੇ ਫਿਰੌਤੀ ਲੈਣ ਲਈ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਉਹਨਾਂ ਕਿਹਾ ਕਿ ਲੜਕੀ ਦਾ ਪਿਤਾ ਇੱਕ ਸਰਕਾਰੀ ਕਰਮਚਾਰੀ ਹੈ ਅਤੇ ਐਸਡੀਐਮ ਦਫ਼ਤਰ ਵਿਚ ਕੰਮ ਕਰਦਾ ਹੈ। ਉਸ ਦੀ ਇਕਲੌਤੀ ਬੇਟੀ ਦਾ ਕਤਲ ਸਾਬਿਤ ਕਰਦਾ ਹੈ ਕਿ ਜੇਕਰ ਤੁਸੀਂ ਅਪਰਾਧੀਆਂ ਨੂੰ ਫਿਰੌਤੀ ਨਹੀਂ ਦੇ ਸਕਦੇ ਤਾਂ ਤੁਹਾਡਾ ਪਰਿਵਾਰ ਸੁਰੱਖਿਅਤ ਨਹੀ ਹੈ।






