May 5, 2026
#ਦੇਸ਼ ਦੁਨੀਆਂ

ਪਾਕਿ ‘ਚ ਟਰੇਨ-ਬੱਸ ਦੀ ਜ਼ਬਰਦਸਤ ਟੱਕਰ-30 ਲੋਕਾਂ ਦੀ ਮੌਤ

ਕਰਾਚੀ (ਪਾਕਿਸਤਾਨ) – ਪਾਕਿਸਤਾਨ ਦੇ ਸਿੰਧ ਸੂਬੇ ‘ਚ ਇੱਕ ਮਨੁੱਖ ਰਹਿਤ ਰੇਲਵੇ ਕ੍ਰਾਸਿੰਗ ਨੂੰ ਪਾਰ ਕਰਦਿਆਂ ਇੱਕ ਯਾਤਰੀ ਬੱਸ ਰੇਲ–ਗੱਡੀ ਦੀ ਲਪੇਟ ‘ਚ ਆ ਗਈ। ਜਿਸ ਕਾਰਨ 30 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਹੋਰ ਕਈ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਸੁੱਕੂਰ ਜ਼ਿਲ੍ਹੇ ਦੇ ਰੋਹੜੀ ਇਲਾਕੇ ‘ਚ ਵਾਪਰਿਆ, ਜਦੋਂ ਕਰਾਚੀ ਤੋਂ ਸਰਗੋਧਾ ਜਾ ਰਹੀ ਬੱਸ ਇੱਕ ਮਨੁਖ ਰਹਿਤ ਰੇਲਵੇ ਕ੍ਰਾਸਿੰਗ ਨੂੰ ਪਾਰ ਕਰ ਰਹੀ ਸੀ ਤੇ ਉਹ ਇੱਕ ਐਕਸਪ੍ਰੈੱਸ ਰੇਲ–ਗੱਡੀ ਦੀ ਲਪੇਟ ‘ਚ ਆ ਗਈ। ਸੁੱਕੂਰ ਦੇ ਕਮਿਸ਼ਨਰ ਸ਼ਫ਼ੀਕ ਅਹਿਮਦ ਮਹੇਸਰ ਨੇ ਇਸ ਹਾਦਸੇ ਦੇ ਵੇਰਵੇ ਮੀਡੀਆ ਨੂੰ ਦਿੱਤੇ। ਜਾਣਕਾਰੀ ਮੁਤਾਬਕ 45–ਅੱਪ ਪਾਕਿਸਤਾਨ ਐਕਸਪ੍ਰੈੱਸ ਰੇਲ–ਗੱਡੀ ਕਰਾਚੀ ਤੋਂ ਚੱਲ ਕੇ ਰਾਵਲਪਿੰਡੀ ਵੱਲ ਜਾ ਰਹੀ ਸੀ। ਜਦੋਂ ਕਿ ਯਾਤਰੀਆਂ ਨਾਲ ਭਰੀ ਬੱਸ ਪੰਜਾਬ ਵੱਲ ਜਾ ਰਹੀ ਸੀ। ਸੁੱਕੂਰ ਜ਼ਿਲ੍ਹੇ ਦੇ ਆਈ.ਜੀ. ਪੁਲਿਸ ਡਾ. ਜਮੀਲ ਅਹਿਮਦ ਨੇ ਦੱਸਿਆ ਕਿ ਰੇਲ–ਗੱਡੀ ਨਾਲ ਟਕਰਾਉਂਦਿਆਂ ਹੀ ਬੱਸ ਦੇ ਪਰਖੱਚੇ ਉੱਡ ਗਏ ਤੇ ਉਹ ਤਿੰਨ ਟੋਟਿਆਂ ਵਿੱਚ ਵੰਡੀ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰੇਲ–ਗੱਡੀ ਬੱਸ ਨੂੰ ਲਗਭਗ 200 ਫ਼ੁੱਟ ਤੱਕ ਆਪਣੇ ਨਾਲ ਘਸੀਟਦੀ ਹੋਈ ਲੈ ਗਈ।