ਇਤਿਹਾਸਕ ਹੋ ਨਿੱਬੜੀ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਰੋਸ ਰੈਲੀ
2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਹੋਣਗੇ ਸੁਖਬੀਰ ਬਾਦਲ : ਲੀਡਰਸ਼ਿਪ
ਬਠਿੰਡਾ – ਅੱਜ ਬਠਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਨੂੰ ਘੇਰਦਿਆਂ “ਮੰਗਦਾ ਹੈ ਪੰਜਾਬ ਕੈਪਟਨ ਤੋਂ ਹਿਸਾਬ“ ਦੇ ਮੁੱਦੇ ਤੇ ਰੋਸ ਰੈਲੀ ਕੀਤੀ ਗਈ ਜੋ ਇੱਕ ਇਤਿਹਾਸਕ ਹੋ ਨਿੱਬੜੀ। ਇਸ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਮੌਜੂਦ ਰਹੀ। ਇੱਕਠ ਵਜੋਂ ਇਸ ਰੈਲੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਚਿਹਰਿਆਂ ਤੇ ਰੌਣਕ ਨਜ਼ਰ ਆਈ ।ਸਟੇਜ ਤੋਂ ਵਾਰ ਵਾਰ ਬਠਿੰਡਾ ਲੀਡਰਸ਼ਿਪ ਨੂੰ ਵਧਾਈ ਦੇ ਰੂਪ ਵਿੱਚ ਸ਼ਾਬਾਸ਼ੀ ਮਿਲਦੀ ਰਹੀ। ਸ਼ੁਰੂ ਵਿੱਚ ਬਠਿੰਡਾ ਦਿਹਾਤੀ ਹਲਕਾ ਇੰਚਾਰਜ ਅਮਿਤ ਰਤਨ ਕੋਟਫੱਤਾ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਵਾਅਦਿਆਂ ਤੋਂ ਮੁੱਕਰਨਾ ਆਮ ਸਵਾਲ ਬਣ ਚੁੱਕਾ ਹੈ। ਅਕਾਲੀ ਸਰਕਾਰ ਵੇਲੇ ਬਿਜਲੀ 5 ਰੁਪਏ ਪ੍ਰਤੀ ਯੂਨਿਟ ਸੀ ਪਰ ਅੱਜ ਕੈਪਟਨ ਦੇ ਰਾਜ ਵਿੱਚ ਇਹ ਵੱਧ ਕੇ 11 ਰੁਪਏ ਹੋ ਚੁੱਕੀ ਹੈ। ਬਿਜਲੀ ਰੇਟ ਵਧਾਉਣ ਤੇ 3 ਸਾਲਾਂ ਵਿੱਚ 17 ਵਾਰ ਕੈਪਟਨ ਸਰਕਾਰ ਆਮ ਲੋਕਾਂ ਦੀ ਜੇਬ ਤੇ ਭਾਰ ਪਾ ਚੁੱਕੀ ਹੈ।।ਉਨ੍ਹਾਂ ਕਿਹਾ ਕਿ ਕੈਂਪਾਂ ਦੇ ਨਾਂਅ ਤੇ ਨੌਕਰੀਆਂ ਦੇਣ ਦਾ ਵਾਅਦਾ ਵੀ ਠੁੱਸ ਹੋ ਚੁੱਕਾ ਹੈ ਕੈਪਟਨ ਸਰਕਾਰ ਵੱਲੋਂ ਝੂਠੇ ਕੈਂਪ ਲਾ ਕੇ 5-7 ਹਜ਼ਾਰ ਦੀਆਂ ਨੌਕਰੀਆਂ ਦੇ ਰਹੀ ਹੈ ਜੋ ਸਿੱਖਿਆਰਥੀਆਂ ਨਾਲ ਧੋਖਾ ਹੈ। ਦਰਸ਼ਨ ਸਿੰਘ ਕੋਟ ਫੱਤਾ ਸਾਬਕਾ ਐਮ ਐਲ ਏ ਨੇ ਕਿਹਾ ਕਿ ਜੋ ਬਜਟ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤਾ ਗਿਆ ਹੈ ਉਹ ਵੀ ਨਿੰਦਣਯੋਗ ਹੈ। ਜਗਦੀਪ ਸਿੰਘ ਨਕਈ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਨਿਕੰਮਾ ਮੁੱਖ ਮੰਤਰੀ ਦੇ ਨਾਂ ਨਾਲ ਨਿਵਾਜ ਦਿੱਤਾ ਹੈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬਠਿੰਡਾ ਇੰਚਾਰਜ ਸ੍ਰੀ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਬਠਿੰਡਾ ਵਿੱਚ ਅਕਾਲੀ ਦਲ ਸਰਕਾਰ ਵੱਲੋਂ ਕੀਤੇ ਕੰਮ ਗਵਾਹੀ ਭਰਦੇ ਹਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਕਿਹਾ ਕਰਦੇ ਸਨ ਕਿ ਜਦੋਂ ਥਰਮਲ ਕੋਲੋਂ ਲੰਘਦਿਆਂ ਥਰਮਲ ਦੀਆਂ ਚਿਮਨੀਆਂ ਦਾ ਧੂੰਆਂ ਨਜ਼ਰ ਨਹੀਂ ਆਉਂਦਾ ਤਾਂ ਕਲੇਜਾ ਬਾਹਰ ਆਉਂਦਾ ਹੈ, ਪਰ ਅੱਜ ਮਨਪ੍ਰੀਤ ਦਾ ਕਲੇਜਾ ਕਿੱਥੇ ਗਿਆ।।ਜਿਸ ਨੇ ਥਰਮਲ ਦੇ ਕੱਚੇ ਕਾਮਿਆਂ ਦੇ ਚੁੱਲ੍ਹੇ ਠਾਰ ਦਿੱਤੇ। ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਸਰਕਾਰ ਤੋਂ ਹਰ ਵਰਗ ਦੁਖੀ ਹੈ ।ਕੈਪਟਨ ਸਰਕਾਰ ਸਿਰਫ਼ ਹੋਲਡਿੰਗਾਂ ਤੱਕ ਸੀਮਤ ਹੈ ਜਿਸ ਨੂੰ ਦੇਖ ਕੇ ਲੋਕੀ ਹੱਸਦੇ ਹਨ। ਨਹਿਰੀ ਪਾਣੀ ਦੇ ਮੁੱਦੇ ਤੇ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਜਿੰਨਾ ਨੁਕਸਾਨ ਪਾਣੀਆਂ ਦਾ ਕਾਂਗਰਸ ਪਾਰਟੀ ਨੇ ਕੀਤਾ ਹੈ ਸ਼ਾਇਦ ਹੀ ਕਿਸੇ ਨੇ ਕੀਤਾ ਹੋਣੈ ਅੱਜ 27% ਨਹਿਰੀ ਪਾਣੀ ਹੀ ਜ਼ਮੀਨਾਂ ਨੂੰ ਲੱਗ ਰਿਹਾ ਹੈ ।ਬਾਕੀ ਖੇਤੀ ਟਿਊਬਲਾਂ ਰਾਹੀਂ ਕੀਤੀ ਜਾਂਦੀ ਹੈ। ਜਗਮੀਤ ਸਿੰਘ ਬਰਾੜ ਨੇ ਦਿੱਲੀ ਕਤਲੇਆਮ ਤੇ ਦੁੱਖ ਜਤਾਉਂਦਿਆਂ ਕਿਹਾ ਕਿ ਅੱਜ ਜੋ ਲੰਗਰ ਪੀੜਤਾਂ ਲਈ ਲਗਾਏ ਜਾ ਰਹੇ ਹਨ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਜਾ ਰਹੇ ਹਨ। ਉਨ੍ਹਾਂ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਕਨ੍ਹਈਆ ਕੁਮਾਰ ਤੇ ਦੇਸ਼ ਧਰੋਹ ਦਾ ਪਰਚਾ ਦੇਣ ਦੀ ਇਜਾਜ਼ਤ ਦੇਣਾ ਨਾਜਾਇਜ਼ ਹੈ।ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਹਿਣੀ ਤੇ ਕਰਨੀ ਦਾ ਪੂਰ ਚੜ੍ਹਾਉਣ ਵਾਲਾ ਦਲ ਹੈ ।ਉਨ੍ਹਾਂ ਇਸ਼ਾਰਾ ਕੀਤਾ ਕਿ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਹੋਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੋਂ ਜੋ ਵੀ ਮੰਗਿਆ ਹੈ ,ਉਹ ਮਿਲਦਾ ਹੈ। ਪਰ ਕੈਪਟਨ ਸਰਕਾਰ ਨੇ ਜੋ ਮਿਲਦਾ ਸੀ ਉਹ ਵੀ ਬੰਦ ਕਰ ਦਿੱਤਾ ਹੈ ।ਕੈਪਟਨ ਸਰਕਾਰ ਪੰਜਾਬ ਵਿੱਚ ਕਈ ਕੋਈ ਕੰਮ ਨਹੀਂ ਕਰ ਰਹੀ ਸਿਰਫ ਆਪਣੀਆਂ ਹੀ ਜੇਬਾਂ ਦਾ ਫਿਕਰ ਹੈ ।ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ 47 ਤੋਂ ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ। ਉਨ੍ਹਾਂ ਦਾ ਹੁਕਮ ਚੱਲਦਾ ਸੀ ਆਪਾਂ ਗੁਲਾਮ ਸੀ। ਨੌਜਵਾਨਾਂ ਨੇ ਆਜ਼ਾਦੀ ਦੀ ਲੜਾਈ ਲੜੀ ਅਤੇ ਆਪਣੇ ਮੁੱਖ ਮੰਤਰੀ ਬਣਾਏ ।ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਬਿਨਾਂ ਕਿਹਾ ਕਿ ਅਜਿਹੇ ਮੁੱਖ ਮੰਤਰੀ ਆਏ, ਜਿਨ੍ਹਾਂ ਨੇ ਜਨਤਾ ਬਾਰੇ ਕੁਝ ਨਹੀਂ ਸੋਚਿਆ ਆਏ ਅਤੇ ਸਿਰਫ ਚੌਧਰ ਲੈਣ ਲਈ ਆਏ ।ਮੁੱਖ ਮੰਤਰੀ ਮਤਲਬ ਹੁੰਦਾ ਸੇਵਾਦਾਰ ਉਹ ਮੁੱਖ ਮੰਤਰੀ ਨਹੀਂ ਜੋ ਦਿਖਾਈ ਨਾ ਦੇਵੇ ।ਉਨ੍ਹਾਂ ਵੱਡੇ ਬਾਦਲ ਸਾਹਿਬ ਬਾਰੇ ਬੋਲਦਿਆਂ ਕਿਹਾ ਕਿ ਉਹ ਪੰਜ ਵਾਰ ਮੁੱਖ ਮੰਤਰੀ ਬਣੇ ਅਤੇ ਤੁਹਾਡੇ ਲੋਕਾਂ ਦੇ ਘਰਾਂ ਤੱਕ ਪਹੁੰਚ ਬਣਾਈ ।ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਨੇ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਰੈਲੀ ਦੇ ਅਖੀਰ ਵਿੱਚ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦਾ ਦਲ ਨਹੀਂ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸਹੁੰ ਖਾਧੀ ਸੀ ਕਿ ਉਹ ਜੋ ਕਹਿਣਗੇ ਉਹ ਕਰਨਗੇ ਪਰ ਅੱਜ ਉਹ ਆਪਣੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਭੱਜ ਚੁੱਕੇ ਹਨ ।ਉਹ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਕੌਮ ਇੱਕ ਬਹਾਦਰ ਕੌਮ ਹੈ ।ਜਿਹੜੀਆਂ ਗੱਲਾਂ ਮੈਨੂੰ ਆਜ਼ਾਦੀ ਤੋਂ ਪਹਿਲਾਂ ਪਤਾ ਸਨ ,ਸ਼ਾਇਦ ਤੁਹਾਨੂੰ ਨਾ ਪਤਾ ਹੋਣ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਕੌਮ ਆਪਣਾ ਵਿਸ਼ੇਸ ਅਧਿਕਾਰ ਮੰਗਣ ਦੀ ਪੂਰੀ ਹੱਕਦਾਰ ਹੈ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਮਾਸਟਰ ਤਾਰਾ ਸਿੰਘ ਨਹਿਰੂ ਨੂੰ ਮਿਲਣ ਵਾਸਤੇ ਸਿੱਖਾਂ ਦੇ ਹੱਕ ਮੰਗਣ ਲਈ ਗਏ ਪਰ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਕੇ ਗ੍ਰਿਫ਼ਤਾਰ ਕਰ ਲਿਆ ਗਿਆ ।ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਸਿੱਖ ਵਿਰੋਧੀ ਰਹੀ ਹੈ ।ਚਾਹੇ ਉਹ 84 ਹੋਵੇ, ਅਕਾਲ ਤਖਤ ਹਮਲਾ ਹੋਵੇ । ਉਨ੍ਹਾਂ ਅਖੀਰ ਵਿੱਚ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵੀ ਉਨ੍ਹਾਂ ਨੂੰ ਹੁਕਮ ਕਰੇਗੀ ਉਹ ਸਿਰ ਮੱਥੇ ਪ੍ਰਵਾਨ ਕਰਨਗੇ।






