May 5, 2026
#ਪ੍ਰਮੁੱਖ ਖ਼ਬਰਾਂ #ਭਾਰਤ

ਨਵੇਂ ਨਾਗਰਿਕਤਾ ਕਾਨੂੰਨ ਤਹਿਤ ਸਾਰੇ ਸ਼ਰਨਾਰਥੀਆਂ ਨੂੰ ਮਿਲੇਗੀ ਨਾਗਰਿਕਤਾ : ਸ਼੍ਰੀ ਅਮਿਤ ਸ਼ਾਹ

‘ਸਰਹੱਦ ਉਲੰਘਣ ਵਾਲਿਆਂ ਨੂੰ ਭੁਗਤਣੇ ਹੋਣਗੇ ਨਤੀਜੇ’ ਐਨ.ਐਸ.ਜੀ. ਕੰਪਲੈਕਸ ਦਾ ਕੀਤਾ ਉਦਘਾਟਨ

ਕੋਲਕਾਤਾ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਇਕ ਦਿਨਾ ਦੌਰੇ ‘ਤੇ ਕੋਲਕਾਤਾ ਪੁੱਜੇ। ਉਨ੍ਹਾਂ ਨੇ ਇੱਥੇ ਰਾਸ਼ਟਰੀ ਸੁਰੱਖਿਆ ਗਾਰਡ (ਐੱਨ. ਐੱਸ. ਜੀ.) ਦੇ ਵਿਸ਼ੇਸ਼ ਕੰਪਲੈਕਸ ਦਾ ਉਦਘਾਟਨ ਕੀਤਾ। ਸ਼ਾਹ ਨੇ ਭਾਜਪਾ ਦੀ ਇੱਕ ਰੈਲੀ ਨੂੰ ਵੀ ਸੰਬੋਧਿਤ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਤੱਕ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਤਹਿਤ ਦੇਸ਼ ‘ਚ ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਨਰਿੰਦਰ ਮੋਦੀ ਸਰਕਾਰ ਨਹੀਂ ਰੁਕੇਗੀ। ਸ਼ਾਹ ਨੇ ਭਰੋਸਾ ਜਤਾਇਆ ਕਿ ਭਾਜਪਾ ਪਾਰਟੀ 2021 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਬੰਗਾਲ ‘ਚ ਦੋ-ਤਿਹਾਈ ਬਹੁਮਤ ਨਾਲ ਅਗਲੀ ਸਰਕਾਰ ਬਣਾਏਗੀ। ਤ੍ਰਿਣਮੂਲ ਕਾਂਗਰਸ ਸਮੇਤ ਵਿਰੋਧੀ ਦਲਾਂ ‘ਤੇ ਸ਼ਰਨਾਰਥੀਆਂ ਅਤੇ ਘੱਟ ਗਿਣਤੀ ਭਾਈਚਾਰੇ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦੇ ਹੋਏ ਸ਼ਾਹ ਨੇ ਕਿਹਾ ਕਿ ਸੀ. ਏ. ਏ. ਕਾਰਨ ਇੱਕ ਵੀ ਵਿਅਕਤੀ ਨੂੰ ਨਾਗਰਿਕਤਾ ਨਹੀਂ ਗੁਵਾਉਣੀ ਪਵੇਗੀ। ਵਿਰੋਧੀ ਧਿਰ ਘੱਟ ਗਿਣਤੀਆਂ ਨੂੰ ਡਰਾ ਰਿਹਾ ਹੈ। ਮੈਂ ਘੱਟ ਗਿਣਤੀ ਭਾਈਚਾਰੇ ਦੇ ਹਰ ਵਿਅਕਤੀ ਨੂੰ ਭਰੋਸਾ ਦਿੰਦਾ ਹਾਂ ਕਿ ਸੀ. ਏ. ਏ. ਸਿਰਫ ਨਾਗਰਿਕਤਾ ਦਿੰਦਾ ਹੈ, ਨਾ ਕਿ ਖੋਂਹਦਾ ਹੈ। ਇਸ ਨਾਲ ਤੁਹਾਡੀ ਨਾਗਰਿਕਤਾ ‘ਤੇ ਅਸਰ ਨਹੀਂ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੱਕ ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਨਹੀਂ ਮਿਲ ਜਾਂਦੀ, ਉਦੋਂ ਤੱਕ ਅਸੀਂ ਨਹੀਂ ਰੁਕਾਂਗੇ। ਕੋਲਕਾਤਾ ਪੁੱਜ ਕੇ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜੇ ਕਿਸੇ ਵੀ ਦੇਸ਼ ਨੇ ਸਾਡੀ ਸਰਹੱਦ ਦੀ ਉਲੰਘਣਾ ਕੀਤੀ ਜਾਂ ਫਿਰ ਸਾਡੇ ਜਵਾਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ, ਤਾਂ ਉਸ ਦੇ ਨਤੀਜੇ ਭੁਗਤਣੇ ਪੈਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਪੰਜ ਸਾਲਾਂ ਅੰਦਰ ਐਨ.ਐਸ.ਜੀ. ਨੇ ਭਾਰਤ ਸਰਕਾਰ ਤੋਂ ਜੋ ਵੀ ਆਸਾਂ ਰੱਖੀਆਂ ਹਨ, ਉਨ੍ਹਾਂ ਦੀ ਪੂਰਤੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਯਕੀਨੀ ਤੌਰ ‘ਤੇ ਕਰੇਗੀ।ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਉਨ੍ਹਾਂ ਲਈ ਬਹੁਤ ਖ਼ੁਸ਼ੀ ਤੇ ਮਾਣ ਵਾਲਾ ਵਿਸ਼ਾ ਹੈ ਕਿ ਐੱਨ.ਐੱਸ.ਜੀ. ਲਈ ਜਿਹੋ ਜਿਹੀ ਸੰਵਿਧਾਨ ਉਨ੍ਹਾਂ ਦੇ ਨਿਸ਼ਚਤ ਹੋ ਕੇ ਕੰਮ ਕਰਨ ਲਈ ਚਾਹੀਦੀ ਹੈ, ਉਸ ਸੁਵਿਧਾ ਦੀ ਪੂਰਤੀ ਲਈ ਅੱਜ ਇੱਕ ਕਦਮ ਅੱਗੇ ਵਧ ਰਹੇ ਹਨ।