ਦਿੱਲੀ ਹਿੰਸਾ ਸਰਕਾਰੀ ਸ਼ਹਿ ਪ੍ਰਾਪਤ ਯੋਜਨਾਬੱਧ ਨਸਲਕੁਸ਼ੀ: ਮਮਤਾ
ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਦਿੱਲੀ ਵਿੱਚ ਹੋਈ ਫਿਰਕੂ ਹਿੰਸਾ ‘ਸਰਕਾਰੀ ਸ਼ਹਿ ਪ੍ਰਾਪਤ ਯੋਜਨਾਬੱਧ ਨਸਲਕੁਸ਼ੀ’ ਸੀ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਭਾਜਪਾ ਹੁਣ ‘ਦੰਗਿਆਂ ਬਾਰੇ ਗੁਜਰਾਤ ਮਾਡਲ’ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਦੇ ਯਤਨ ਵਿੱਚ ਹੈ। ਬੀਬੀ ਬੈਨਰਜੀ ਇਥੇ ਤ੍ਰਿਣਮੂਲ ਕਾਂਗਰਸ ਦੇ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਦਿੱਲੀ ਹਿੰਸਾ ਦੌਰਾਨ ‘ਇੰਨੇ ਸਾਰੇ ਲੋਕ’ ਸੋਧੇ ਹੋਏ ਨਾਗਰਿਕਤਾ ਐਕਟ ਕਰਕੇ ਮਾਰੇ ਗਏ ਹਨ। ‘ਅਮਿਤ ਸ਼ਾਹ ਨੂੰ ਇਹ ਗੱਲ ਜ਼ਿਹਨ ਵਿੱਚ ਰੱਖਣੀ ਚਾਹੀਦੀ ਹੈ।’ ਟੀਐੈੱਮਸੀ ਸੁਪਰੀਮੋ ਨੇ ਲੰਘੇ ਦਿਨ ਕੋਲਕਾਤਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਵਿੱਚ ਜਾ ਰਹੇ ਹਜੂਮ ਵੱਲੋਂ ਵਿਵਾਦਿਤ ‘ਗੋਲੀ ਮਾਰੋ….’ ਦੇ ਨਾਅਰੇ ਲਾਉਣ ਦੀ ਵੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ।






