ਖ਼ਾਲਸਾਈ ਜਾਹੋ-ਜਲਾਲ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਆਗਾਜ਼
ਸਿੰਘ ਸਾਹਿਬ ਗਿ: ਰਘਬੀਰ ਸਿੰਘ ਨੇ ਕੀਤੀ ਆਰੰਭਤਾ ਦੀ ਅਰਦਾਸ
ਸ੍ਰੀ ਅਨੰਦਪੁਰ ਸਾਹਿਬ – ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਅਸਥਾਨ ਤੋਂ ਸਿਖ ਕੌਮ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਖਾਲਸਾਈ ਜਾਹੋ ਜਲਾਲ ਅਤੇ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ। ਇਸ ਸੰਬੰਧੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਉਪਰੰਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਹੋਲਾ ਮਹੱਲਾ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ ਜਿਨ੍ਹਾਂ ਦੇ ਭੋਗ 10 ਮਾਰਚ ਨੂੰ ਮਹੱਲੇ ਵਾਲੇ ਦਿਨ ਪੈਣਗੇ ਅਤੇ ਉਸੇ ਦਿਨ ਖਾਲਸਾਈ ਰਵਾਇਤਾਂ ਮੁਤਾਬਿਕ ਮਹੱਲਾ ਕੱਢਿਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ, ਮੈਨੇਜਰ ਜਸਬੀਰ ਸਿੰਘ, ਸੂਚਨਾ ਅਫਸਰ ਹਰਦੇਵ ਸਿੰਘ ਅਤੇ ਸਮੂਹ ਸੰਗਤਾਂ ਹਾਜ਼ਰ ਸਨ। ਆਪਣੇ ਸੰਬੌਧਨ ਦੌਰਾਨ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਅੱਜ ਬੜੇ ਹੀ ਜੋਸ਼ੌ ਖਰੋਸ਼ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਰੰਭ ਹੋਇਆ ਹੈ। ਜਿਸ ਵਿਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ।ਉਹਨਾਂ ਕਿਹਾ ਸੰਨ 1700 ਤੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ। ਉਸੇ ਪ੍ਰੰਪਰਾ ਦੇ ਮੁਤਾਬਿਕ ਅੱਜ ਤੱਕ ਇਸੇ ਪਾਵਨ ਅਸਥਾਨ ਤੇ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋਂ ਅਤੇ ਵਹਿਮਾਂ, ਭਰਮਾਂ, ਪਖੰਡਾਂ ਤੋਂ ਦੂਰ ਰਹੋ। ਇਸ ਮੌਕੇ ਉਹਨਾਂ ਕਿਹਾ ਕਿ ਅੱਜ ਲੋੜ ਹੈ ਘਰ ਘਰ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਪਹੁੰਚਾਇਆ ਜਾਵੇ ਤਾਂ ਜੋ ਕੌਮ ਦੀ ਚੜ੍ਹਦੀਕਲਾ ਹੋ ਸਕੇ। ਇਸ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਗੁਰੂ ਘਰਾਂ ਵਿਚ ਨਤਮਸਤਕ ਹੋਈਆਂ। ਇਸ ਮੌਕੇ ਸੂਚਨਾ ਅਫਸਰ ਹਰਦੇਵ ਸਿੰਘ, ਹਰਦੇਵ ਸਿੰਘ, ਮਲਕੀਤ ਸਿੰਘ, ਭੁਪਿੰਦਰ ਸਿੰਘ, ਪੰਜ ਪਿਆਰੇ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।ਹੋਲੇ ਮਹੱਲੇ ਦੌਰਾਨ ਗੁਰਮਤਿ ਪ੍ਰਚਾਰ ਦਾ ਲੱਗਿਆ ਲੰਗਰ- ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਰੰਭ ਹੋਏ ਕੌਮੀ ਤਿਉਹਾਰ ਹੋਲਾ ਮਹੱਲਾ ਮੌਕੇ ਜਿੱਥੇ ਗੁਰੂ ਨਗਰੀ ਪੁੱਜਣ ਵਾਲੀਆਂ ਸੰਗਤਾਂ ਲਈ ਵੱਖ-ਵੱਖ ਤਰਾਂ ਦੇ ਲੰਗਰ ਲਗਾਏ ਗਏ ਹਨ ਉੱਥੇ ਹੀ ਵੱਡੀ ਗਿਣਤੀ ਵਿਚ ਧਰਮ ਪ੍ਰਚਾਰ ਕਮੇਟੀਆਂ ਵਲੋਂ ਧਾਰਮਿਕ ਲਿਟਰੇਚਰ ਦਾ ਲੰਗਰ ਲਗਾਕੇ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ।ਨਹੀਂ ਹੋਣਗੀਆਂ ਇਸ ਵਾਰ ਸਿਆਸੀ ਕਾਨਫਰੰਸਾਂ- ਹੋਲਾ ਮਹੱਲਾ ਮੌਕੇ ਜਿੱਥੇ ਹਰ ਸਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਿਆਸੀ ਕਾਨਫਰੰਸਾਂ ਹੁੰਦੀਆਂ ਸਨ ਉੱਥੇ ਇਸ ਵਾਰ ਕਰੋਨਾ ਵਾਇਰਸ ਦੇ ਚਲਦਿਆਂ ਵੱਖੋ ਵੱਖ ਪਾਰਟੀਆਂ ਵਲੋਂ ਸਿਆਸੀ ਕਾਨਫਰੰਸਾਂ ਵੀ ਨਹੀਂ ਹੋਣਗੀਆਂ। ਸਿਰਫ ਸ਼੍ਰੋਮਣੀ ਕਮੇਟੀ, ਭਾਈ ਬਲਦੇਵ ਸਿੰਘ ਵਡਾਲਾ ਅਤੇ ਅਕਾਲੀ ਦਲ ਮਾਨ ਵਲੌਂ ਧਾਰਮਿਕ ਸਟੇਜ ਲਗਾਈ ਜਾਵੇਗੀ।






